ENG vs PAK: ਪਹਿਲੇ ਦਿਨ ਦੀ ਖੇਡ ਖ਼ਤਮ, ਪਾਕਿ ਦਾ ਸਕੋਰ 126/5
Friday, Aug 14, 2020 - 03:06 AM (IST)
ਸਾਊਥੰਪਟਨ – ਪਾਕਿਸਤਾਨ ਦੇ ਚੋਟੀਕ੍ਰਮ ਦੇ ਬੱਲੇਬਾਜ਼ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਮੀਂਹ ਦੇ ਅੜਿੱਕੇ ਵਿਚਾਲੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੇ ਤੇ 5 ਵਿਕਟਾਂ 126 ਦੌੜਾਂ 'ਤੇ ਗੁਆ ਦਿੱਤੀਆਂ। ਮੀਂਹ ਕਾਰਣ ਖੇਡ ਵਿਚ ਵਾਰ-ਵਾਰ ਅੜਿੱਕਾ ਪਿਆ ਤੇ ਆਖਿਰਕਾਰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਖੇਡ ਖਤਮ ਕਰਨੀ ਪਈ। ਉਸ ਸਮੇਂ ਬਾਬਰ ਆਜ਼ਮ 25 ਤੇ ਮੁਹੰਮਦ ਰਿਜ਼ਵਾਨ 4 ਦੌੜਾਂ ਬਣਾ ਕੇ ਖੇਡ ਰਹੇ ਸਨ। ਤੇਜ਼ ਮੀਂਹ ਕਾਰਣ ਚਾਹ ਤੇ ਲੰਚ ਬ੍ਰੇਕ ਵੀ ਜਲਦੀ ਲੈਣੀ ਪਈ ਸੀ। ਆਖਰੀ ਸੈਸ਼ਨ ਵਿਚ ਪਾਕਿਸਤਾਨ ਨੇ 3 ਵਿਕਟਾਂ ਗੁਆਈਆਂ ਤੇ ਸਿਰਫ 44 ਦੌੜਾਂ ਜੋੜੀਆਂ। ਪਹਿਲੇ ਦਿਨ 45.4 ਓਵਰ ਹੀ ਸੁੱਟੇ ਜਾ ਸਕੇ ਤੇ ਕੱਲ ਵੀ ਮੀਂਹ ਦੀ ਭਵਿੱਖਬਾਣੀ ਹੈ।
ਪਹਿਲੇ ਸੈਸ਼ਨ ਵਿਚ ਜਿੰਮੀ ਐਂਡਰਸਨ ਨੇ ਪਹਿਲੇ ਟੈਸਟ ਵਿਚ ਸੈਂਕੜਾ ਲਾਉਣ ਵਾਲੇ ਸ਼ਾਨ ਮਸੂਦ ਨੂੰ ਪਾਰੀ ਦੀ 14ਵੀਂ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਕਰ ਦਿੱਤਾ। ਉਸ ਸਮੇਂ ਪਾਕਿਸਤਾਨ ਦਾ ਸਕੋਰ 1 ਵਿਕਟ 'ਤੇ 6 ਦੌੜਾਂ ਸੀ। ਪਹਿਲੇ ਸੈਸ਼ਨ ਵਿਚ ਮੇਜ਼ਬਾਨ ਤੇਜ਼ ਗੇਂਦਬਾਜ਼ਾਂ ਨੇ ਦਬਾਅ ਬਣਾਈ ਰੱਖਿਆ। ਆਬਿਦ ਅਲੀ ਨੂੰ ਸਲਿਪ ਵਿਚ ਦੋ ਵਾਰ ਜੀਵਨਦਾਨ ਮਿਲਿਆ। ਪਹਿਲਾਂ ਡੋਮ ਸਿਬਲੀ ਨੇ ਤੀਜੀ ਸਲਿਪ ਵਿਚ ਉਸਦਾ ਕੈਚ ਛੱਡਿਆ, ਜਦੋਂ ਉਸ ਨੇ ਖਾਤਾ ਵੀ ਨਹੀਂ ਖੋਲਿਆ ਸੀ। ਇਸ ਤੋਂ ਬਾਅਦ ਦੂਜੀ ਸਲਿਪ ਵਿਚ ਰੋਰੀ ਬਰਨਸ ਨੇ 21 ਦੇ ਸਕੋਰ 'ਤੇ ਉਸ ਨੂੰ ਜੀਵਨਦਾਨ ਦਿੱਤਾ। ਪਿਛਲੀਆਂ 12 ਟੈਸਟ ਪਾਰੀਆਂ ਵਿਚ ਿਸਰਫ 139 ਦੌੜਾਂ ਬਣਾਉਣ ਵਾਲਾ ਕਪਤਾਨ ਅਜ਼ਹਰ ਅਲੀ 20 ਦੌੜਾਂ 'ਤੇ ਸੀ ਜਦੋਂ ਮੀਂਹ ਕਾਰਣ 10 ਮਿੰਟ ਪਹਿਲਾਂ ਲੰਚ ਬ੍ਰੇਕ ਲੈਣੀ ਪਈ। ਲੰਚ ਤੋਂ ਬਾਅਦ ਐਂਡਰਸਨ ਨੇ ਉਸ ਨੂੰ ਪੈਵੇਲੀਅਨ ਭੇਜਿਆ ਜਦੋਂ ਦੂਜੀ ਸਲਿਪ 'ਤੇ ਰੋਰੀ ਬਰਨਸ ਨੇ ਉਸਦਾ ਕੈਚ ਫੜਿਆ। ਉਹ ਲੰਚ ਤੋਂ ਪਹਿਲਾਂ ਦੇ ਆਪਣੇ ਸਕੋਰ 'ਤੇ ਹੀ ਆਊਟ ਹੋ ਗਿਆ। ਚਾਹ ਦੀ ਬ੍ਰੇਕ ਤੋਂ ਬਾਅਦ ਆਬਿਦ ਨੂੰ ਸੈਮ ਕਿਊਰੇਨ ਨੇ 60 ਦੇ ਸਕੋਰ 'ਤੇ ਬਰਨਸ ਦੇ ਹੱਥੋਂ ਕੈਚ ਕਰਵਾਇਆ। ਆਬਿਦ ਨੇ 111 ਗੇਂਦਾਂ ਦੀ ਆਪਣੀ ਪਾਰੀ ਵਿਚ 7 ਚੌਕੇ ਲਾਏ। ਅਸਦ ਸ਼ਫੀਕ (5) ਨੂੰ ਸਟੂਅਰਟ ਬ੍ਰਾਡ ਨੇ ਤੇ ਫਵਾਦ ਆਲਮ (0) ਨੂੰ ਕ੍ਰਿਸ ਵੋਕਸ ਨੇ ਪੈਵੇਲੀਅਨ ਭੇਜਿਆ।
ਪਹਿਲੇ ਟੈਸਟ ਵਿਚ ਖਰਾਬ ਗੇਂਦਬਾਜ਼ੀ ਦੇ ਬਾਵਜੂਦ ਟੀਮ ਵਿਚ ਜਗ੍ਹਾ ਸੁਰੱਖਿਅਤ ਰੱਖਣ ਵਾਲੇ ਐਂਡਰਸਨ ਨੇ 15 ਓਵਰਾਂ ਵਿਚ 35 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਪਰ ਦੋ ਘੰਟੇ ਬਾਅਦ ਹੀ ਮੀਂਹ ਕਾਰਣ ਖੇਡ ਰੋਕਣੀ ਪਈ ਸੀ। ਇੰਗਲੈਂਡ ਨੇ ਟੀਮ ਵਿਚ ਦੋ ਬਦਲਾਅ ਕਰਦੇ ਹੋਏ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਦੀ ਜਗ੍ਹਾ ਸੈਮ ਕਿਊਰੇਨ ਨੂੰ ਮੌਕਾ ਦਿੱਤਾ ਜਦਕਿ ਪਰਿਵਾਰਕ ਕਾਰਣਾਂ ਤੋਂ ਨਿਊਜ਼ੀਲੈਂਡ ਪਰਤੇ ਆਲਰਾਊਂਡਰ ਬੇਨ ਸਟੋਕਸ ਦੀ ਜਗ੍ਹਾ ਬੱਲੇਬਾਜ਼ ਜਾਕ ਕ੍ਰਾਓਲੇ ਨੂੰ ਉਤਾਰਿਆ ਗਿਆ। ਪਾਕਿਸਤਾਨ ਨੇ ਆਲਰਾਊਂਡਰ ਸ਼ਾਦਾਬ ਖਾਨ ਦੀ ਜਗ੍ਹਾ ਫਵਾਦ ਆਲਮ ਨੂੰ ਮੌਕਾ ਦਿੱਤਾ।