ENG vs NZ : ਵਿਲੀਅਮਸਨ ਦਾ ਇਕ ਹੋਰ ਅਰਧ ਸੈਂਕੜਾ ਪਰ ਤੀਜੇ ਦਿਨ ਇੰਗਲੈਂਡ ਦਾ ਦਬਦਬਾ
Sunday, Dec 01, 2024 - 11:01 AM (IST)
ਕ੍ਰਾਈਸਟਚਰਚ (ਨਿਊਜ਼ੀਲੈਂਡ) – ਕੇਨ ਵਿਲੀਅਮਸਨ ਨੇ ਮੈਚ ਵਿਚ ਦੂਜਾ ਅਰਧ ਸੈਂਕੜਾ ਲਾਇਆ ਤੇ ਸ਼ਨੀਵਾਰ ਨੂੰ ਇੱਥੇ ਕਰੀਅਰ ਵਿਚ 9000 ਦੌੜਾਂ ਪੂਰੀਆਂ ਕਰਨ ਵਿਚ ਕਾਮਯਾਬ ਹੋਇਆ ਪਰ ਇੰਗਲੈਂਡ ਨੇ ਪਹਿਲੇ ਟੈਸਟ ਦੇ ਤੀਜੇ ਦਿਨ ਨਿਊਜ਼ੀਲੈਂਡ ’ਤੇ ਦਬਦਬਾ ਬਣਾਈ ਰੱਖਿਆ।
ਵਿਲੀਅਮਸਨ ਨੇ ਪਹਿਲੀ ਪਾਰੀ ਦੀਆਂ 93 ਦੌੜਾਂ ਤੋਂ ਬਾਅਦ ਦੂਜੀ ਪਾਰੀ ਵਿਚ 61 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਟੀਮ ਨੇ ਦਿਨ ਵਿਚ ਇੰਗਲੈਂਡ ਦੀ ਪਹਿਲੀ ਪਾਰੀ ਦੀਆਂ 151 ਦੌੜਾਂ ਦੀ ਬੜ੍ਹਤ ਨੂੰ ਖਤਮ ਕਰ ਦਿੱਤਾ ਪਰ ਵਿਲੀਅਮਸਨ ਇਸ ਤੋਂ ਪਹਿਲਾਂ ਆਊਟ ਹੋਣ ਵਾਲੇ ਪੰਜ ਬੱਲੇਬਾਜ਼ਾਂ ਵਿਚੋਂ ਇਕ ਰਿਹਾ। ਸਟੰਪ ਤੱਕ ਨਿਊਜ਼ੀਲੈਂਡ ਦਾ ਸਕੋਰ 6 ਵਿਕਟਾਂ ’ਤੇ 155 ਦੌੜਾਂ ਸੀ, ਜਿਸ ਨਾਲ ਟੀਮ ਦੀ ਬੜ੍ਹਤ ਸਿਰਫ 4 ਦੌੜਾਂ ਦੀ ਸੀ ਤੇ ਹੁਣ ਸਿਰਫ ਗੇਂਦਬਾਜ਼ਾਂ ਨੂੰ ਬੱਲੇਬਾਜ਼ੀ ਕਰਨੀ ਹੈ।
ਡੈਰਿਲ ਮਿਸ਼ੇਲ 31 ਦੌੜਾਂ ਤੇ ਨਾਥਨ ਸਮਿਥ 1 ਦੌੜ ਬਣਾ ਕੇ ਖੇਡ ਰਹੇ ਸਨ। ਇੰਗਲੈਂਡ ਲਈ ਬ੍ਰਾਈਡਨ ਕਾਰਸ ਨੇ 22 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਨਾਲ ਉਸਦੀਆਂ ਮੈਚ ਵਿਚ 7 ਵਿਕਟਾਂ ਹੋ ਗਈਆਂ ਹਨ। ਇੰਗਲੈਂਡ ਨੇ ਸ਼ਨੀਵਾਰ ਨੂੰ ਸਵੇਰੇ ‘ਬੈਜ਼ਬਾਲ’ ਸਿਧਾਂਤ ਦੇ ਅਨੁਸਾਰ ਬੱਲੇਬਾਜ਼ੀ ਕਰਦੇ ਹੋਏ ਦਬਦਬਾ ਬਣਾਇਆ ਤੇ ਨਿਊਜ਼ੀਲੈਂਡ ਦਾ 348 ਦੌੜਾਂ ਦੀ ਪਹਿਲੀ ਪਾਰੀ ਦਾ ਸਕੋਰ ਪਾਰ ਕਰਦੇ ਹੋਏ 499 ਦੌੜਾਂ ਬਣਾ ਕੇ ਚੰਗੀ ਬੜ੍ਹਤ ਹਾਸਲ ਕੀਤੀ।
ਹੈਰੀ ਬਰੂਕ ਨੇ 132 ਦੌੜਾਂ ਤੋਂ ਖੇਡਦੇ ਹੋਏ 171 ਦੌੜਾਂ ਬਣਾਈਆਂ ਤੇ ਬੇਨ ਸਟੋਕਸ ਦੇ ਨਾਲ 159 ਦੌੜਾਂ ਦੀ ਹਿੱਸੇਦਾਰੀ ਨਿਭਾਈ। ਸਟੋਕਸ ਨੇ ਕੱਲ ਦੇ 37 ਦੌੜਾਂ ਦੇ ਸਕੋਰ ਨੂੰ 80 ਦੌੜਾਂ ਤੱਕ ਪਹੁੰਚਾਇਆ। ਗਸ ਐਟਕਿੰਸਨ ਨੇ 26 ਗੇਂਦਾਂ ਵਿਚ 48 ਤੇ ਕਾਰਸ ਨੇ 24 ਗੇਂਦਾਂ ਵਿਚ ਤਿੰਨ ਸ਼ਾਨਦਾਰ ਛੱਕਿਆਂ ਨਾਲ 33 ਦੌੜਾਂ ਬਣਾਈਆਂ। ਇੰਗਲੈਂਡ ਨੇ 33 ਓਵਰਾਂ ਵਿਚ 180 ਦੌੜਾਂ ਜੋੜੀਆਂ।
ਬਰੂਕ ਨੇ ਆਪਣਾ 7ਵਾਂ ਸੈਂਕੜਾ ਲਾਇਆ ਤੇ ਟੈਸਟ ਵਿਚ ਤੀਜਾ ਸਰਵਸ੍ਰੇਸ਼ਠ ਸਕੋਰ ਬਣਾਇਆ। ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਨੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ ਟਾਮ ਲਾਥਮ (1) ਤੇ ਡੇਵੋਨ ਕਾਨਵੇ (8) ਦੀ ਵਿਕਟ ਜਲਦ ਗੁਆ ਦਿੱਤੀ ਜਦਕਿ ਤਦ ਬੋਰਡ ’ਤੇ 23 ਦੌੜਾਂ ਹੀ ਬਣੀਆਂ ਸਨ। ਰਚਿਨ ਰਵਿੰਦਰ (24) ਵੀ ਪਹਿਲੀ ਪਾਰੀ ਦੀ ਤਰ੍ਹਾਂ ਖਰਾਬ ਸ਼ਾਟ ਖੇਡ ਕੇ ਆਊਟ ਹੋ ਗਿਆ ਪਰ ਵਿਲੀਅਮਸਨ ਨੇ ਸਬਰ ਨਾਲ ਬੱਲੇਬਾਜ਼ੀ ਕਰਦੇ ਹੋਏ ਉਦਾਹਰਣ ਪੇਸ਼ ਕੀਤੀ। ਰਵਿੰਦਰ ਨੂੰ ਕਾਰਸ ਦੀ ਸ਼ਾਟ ਗੇਂਦ ਨੇ ਪੈਵੇਲੀਅਨ ਭੇਜਿਆ।
ਵਿਲੀਅਮਸਨ ਜਦੋਂ 26 ਦੌੜਾਂ ’ਤੇ ਪਹੁੰਚਿਆ ਤਾਂ ਉਸ ਨੇ ਟੈਸਟ ਵਿਚ 9000 ਦੌੜਾਂ ਪੂਰੀਆਂ ਕੀਤੀਆਂ। ਫਿਰ ਉਸ ਨੇ 74 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤਦ ਸਕੋਰ 3 ਵਿਕਟਾਂ ’ਤੇ 117 ਦੌੜਾਂ ਸੀ। ਕ੍ਰਿਸ ਵੋਕਸ ਨੇ ਵਿਲੀਅਮਸਨ ਦੀ ਪਾਰੀ ਖਤਮ ਕੀਤੀ ਤੇ ਨਿਊਜ਼ੀਲੈਂਡ ਦਾ ਸਕੋਰ 4 ਵਿਕਟਾਂ ’ਤੇ 133 ਦੌੜਾਂ ਸੀ। ਵਿਕਟਕੀਪਰ ਟਾਮ ਬਲੰਡੇਲ ਵੀ ਅਗਲੇ ਗੇਂਦ ’ਤੇ ਆਊਟ ਹੋ ਗਿਆ। ਇਸ ਨਾਲ ਟੀਮ ਇੰਗਲੈਂਡ ਤੋਂ ਅਜੇ ਵੀ 18 ਦੌੜਾਂ ਨਾਲ ਪਿੱਛੇ ਰਹੀ ਸੀ। ਮਿਸ਼ੇਲ ਤੇ ਫਿਲਿਪਸ ਨੇ 45ਵੇਂ ਓਵਰ ਵਿਚ ਇੰਗਲੈਂਡ ਦੀ ਬੜ੍ਹਤ ਖਤਮ ਕੀਤੀ। ਫਿਲਿਪਸ ਸਟੰਪ ਤੋਂ ਪਹਿਲਾਂ ਹੀ ਆਊਟ ਹੋ ਗਿਆ।