ENG v NZ : ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਜਿੱਤਿਆ ਮੈਚ, ਇੰਗਲੈਂਡ 'ਚ 22 ਸਾਲ ਬਾਅਦ ਜਿੱਤੀ ਸੀਰੀਜ਼
Sunday, Jun 13, 2021 - 07:31 PM (IST)
ਬਰਮਿੰਘਮ- ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਦੂਜੇ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਐਤਵਾਰ ਨੂੰ ਸਵੇਰ ਦੇ ਸੈਸ਼ਨ ਵਿਚ 8 ਵਿਕਟਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ। ਨਿਊਜ਼ੀਲੈਂਡ ਨੇ ਇਸ ਤਰ੍ਹਾਂ 22 ਸਾਲ ਦੇ ਲੰਬੇ ਅੰਤਰਾਲ ਦੇ ਬਾਅਦ ਇੰਗਲੈਂਡ ਵਿਚ ਟੈਸਟ ਸੀਰੀਜ਼ ਜਿੱਤੀ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 1999 'ਚ ਹਰਾਇਆ ਸੀ। ਨਿਊਜ਼ੀਲੈਂਡ ਨੇ ਇਸ ਜਿੱਤ ਦੇ ਨਾਲ ਭਾਰਤ ਵਿਰੁੱਧ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੇ ਲਈ ਆਪਣਾ ਮਨੋਬਲ ਮਜ਼ਬੂਤ ਕਰ ਲਿਆ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਬੋਲੇ ਟਾਮ ਲਾਥਮ, WTC ਫਾਈਨਲ ਵੱਡੀ ਚੁਣੌਤੀ ਹੋਵੇਗੀ
ਪਹਿਲੀ ਪਾਰੀ ਵਿਚ 85 ਦੌੜਾਂ ਨਾਲ ਪਿਛੜਣ ਤੋਂ ਬਾਅਦ ਇੰਗਲੈਂਡ ਨੇ ਆਪਣੀ ਦੂਜੀ ਪਾਰੀ ਵਿਚ ਚੌਥੇ ਦਿਨ ਐਤਵਾਰ ਨੂੰ 9 ਵਿਕਟਾਂ 'ਤੇ 122 ਦੌੜਾਂ ਨਾਲ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਦੂਜੀ ਪਾਰੀ 122 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਦੌਰਾਨ ਨਿਊਜ਼ੀਲੈਂਡ ਨੂੰ ਮੈਚ ਜਿੱਤਣ ਦੇ ਲਈ 38 ਦੌੜਾਂ ਦੀ ਜ਼ਰੂਰਤ ਸੀ। ਨਿਊਜ਼ੀਲੈਂਡ ਨੇ 10.5 ਓਵਰ ਵਿਚ 2 ਵਿਕਟਾਂ 'ਤੇ 41 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਕਪਤਾਨ ਟਾਮ ਲਾਥਮ ਨੇ ਜੇਤੂ ਚੌਕਾ ਲਗਾਇਆ। ਲਾਥਮ ਨੇ 32 ਗੇਂਦਾਂ 'ਤੇ ਅਜੇਤੂ 23 ਦੌੜਾਂ ਵਿਚ ਤਿੰਨ ਚੌਕੇ ਲਗਾਏ। ਓਪਨਰ ਡੇਵੋਨ ਕਾਨਵੇ ਤਿੰਨ ਅਤੇ ਵਿਲ ਯੰਗ 8 ਦੌੜਾਂ ਬਣਾ ਕੇ ਆਊਟ ਹੋਏ। ਕਾਨਵੇ ਨੂੰ ਸਟੁਅਰਟ ਬਰਾਡ ਅਤੇ ਯੰਗ ਨੂੰ ਓਲੀ ਸਟੋਨ ਨੇ ਆਊਟ ਕੀਤਾ।
ਮੈਚ 'ਚ ਕੁਲ 114 ਦੌੜਾਂ 'ਤੇ 6 ਵਿਕਟਾਂ ਹਾਸਲ ਕਰਨ ਵਾਲੇ ਮੈਟ ਹੇਨਰੀ ਨੂੰ 'ਪਲੇਅਰ ਆਫ ਦਿ ਮੈਚ' ਦਾ ਪੁਰਸਕਾਰ ਦਿੱਤਾ ਗਿਆ। ਇਸ ਤੋਂ ਪਹਿਲਾਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਓਲੀ ਸਟੋਨ ਨੂੰ 15 ਦੌੜਾਂ 'ਤੇ ਹੀ ਆਊਟ ਕੀਤਾ ਸੀ। ਜੇਮਸ ਐਂਡਰਸਨ ਖਾਤਾ ਖੋਲੇ ਬਿਨਾਂ ਅਜੇਤੂ ਰਹੇ। ਤੇਜ਼ ਗੇਂਦਬਾਜ਼ ਮੈਟ ਹੇਨਰੀ ਅਤੇ ਨੀਲ ਵੇਗਨਰ ਨੇ ਕ੍ਰਮਵਾਰ- 36 ਅਤੇ 18 ਦੌੜਾਂ 'ਤੇ 3-3, ਸਪਿਨਰ ਪਟੇਲ ਨੇ 25 ਦੌੜਾਂ 'ਤੇ 2 ਅਤੇ ਟ੍ਰੇਂਟ ਬੋਲਟ ਨੇ 34 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਇੰਗਲੈਂਡ ਵਲੋਂ 9ਵੇਂ ਨੰਬਰ ਦੇ ਬੱਲੇਬਾਜ਼ ਮਾਰਕ ਵੁੱਡ ਨੇ ਸਭ ਤੋਂ ਜ਼ਿਆਦਾ 29 ਦੌੜਾਂ ਅਤੇ ਓਲੀ ਪੋਪ ਨੇ 23 ਦੌੜਾਂ ਬਣਾਈਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।