AUS v IND : ਐਲੀਸਾ ਪੇਰੀ ਨੇ ਰਚਿਆ ਇਤਿਹਾਸ, ਇਹ ਰਿਕਾਰਡ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ

Saturday, Oct 02, 2021 - 04:31 PM (IST)

AUS v IND : ਐਲੀਸਾ ਪੇਰੀ ਨੇ ਰਚਿਆ ਇਤਿਹਾਸ, ਇਹ ਰਿਕਾਰਡ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ

ਸਪੋਰਟਸ ਡੈਸਕ- ਆਸਟਰੇਲੀਆ ਦੀ ਆਲਰਾਊਂਡਰ ਐਲਿਸਾ ਪੇਰੀ ਨੇ ਸ਼ਨੀਵਾਰ ਨੂੰ ਖੇਡੇ ਗਏ ਤਿੰਨੇ ਫਾਰਮੈਟ 'ਚ ਕੌਮਾਂਤਰੀ ਕ੍ਰਿਕਟ 'ਚ ਆਪਣਾ 300ਵਾਂ ਵਿਕਟ ਲੈਂਦੇ ਹੋਏ ਇਤਿਹਾਸ ਰਚ ਦਿੱਤਾ ਹੈ। ਪੇਰੀ ਕੌਮਾਂਤਰੀ ਕ੍ਰਿਕਟ 'ਚ 5,000 ਦੌੜਾਂ ਤੇ 300 ਵਿਕਟਾਂ ਲੈਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ। 

ਕਵੀਂਸਲੈਂਡ ਦੇ ਕੈਰਾਰਾ ਓਵਲ 'ਚ ਭਾਰਤ ਖ਼ਿਲਾਫ਼ ਚਲ ਰਹੇ ਪਿੰਕ ਬਾਲ ਟੈਸਟ ਦੇ 143ਵੇਂ ਓਵਰ 'ਚ ਪੂਜਾ ਵਸਤ੍ਰਾਕਰ ਨੂੰ ਆਊਟ ਕਰਦੇ ਹੋਏ 30 ਸਾਲਾ ਆਸਟਰੇਲੀਆਈ ਕ੍ਰਿਕਟਰ ਨੇ ਇਹ ਉਪਲੱਬਧੀ ਹਾਸਲ ਕੀਤੀ । ਟੈਸਟ 'ਚ ਪੇਰੀ ਦੇ 8 ਮੈਚਾਂ 'ਚ 624 ਦੌੜਾਂ ਤੇ 31 ਵਿਕਟਾਂ ਹਨ। ਵਨ-ਡੇ ਮੈਚਾਂ 'ਚ ਪੇਰੀ ਦੇ ਨਾਂ 152 ਵਿਕਟਾਂ ਦੇ ਨਾਲ 3,135 ਦੌੜਾਂ ਹਨ ਜਦਕਿ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ (ਟੀ-20 ਕੌਮਾਂਤਰੀ) 'ਚ ਇਸ ਆਲਰਾਊਂਡਰ ਦੇ ਨਾਂ 115 ਵਿਕਟਾਂ ਦੇ ਨਾਲ 1,243 ਦੌੜਾਂ ਹਨ।

ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਿੰਕ ਬਾਲ ਟੈਸਟ 'ਚ ਹਾਂ-ਪੱਖੀ ਖੇਡ ਦਿਖਾਇਆ ਤੇ 8 ਵਿਕਟਾਂ ਦੇ ਨੁਕਸਾਨ 'ਤੇ 377 ਦੌੜਾਂ 'ਤੇ ਪਾਰੀ ਐਲਾਨੀ। ਭਾਰਤੀ ਟੀਮ ਵੱਲੋਂ ਸਮ੍ਰਿਤੀ ਮੰਧਾਨਾ ਨੇ ਸੈਂਕੜੇ ਵਾਲੀ ਤੇ ਦੀਪਤੀ ਸ਼ਰਮਾ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਆਸਟਰੇਲੀਆ ਵਲੋਂ ਪੇਰੀ, ਸਟੇਲਾ ਕੈਂਪਬੇਲ ਤੇ ਮੋਲਿਨੇਕਸ ਨੇ ਕ੍ਰਮਵਾਰ 46, 47 ਤੇ 45 ਦੌੜਾਂ ਦੇ ਕੇ 2-2 ਵਿਕਟਾਂ ਆਪਣੇ ਨਾਂ ਕੀਤੀਆਂ।


author

Tarsem Singh

Content Editor

Related News