ਰਿਬਾਕਿਨਾ ਨੇ ਪਹਿਲੀ ਵਾਰ ਜਿੱਤਿਆ ਆਸਟ੍ਰੇਲੀਅਨ ਓਪਨ, ਫਾਈਨਲ ''ਚ ਦੁਨੀਆ ਦੀ ਨੰਬਰ-1 ਸਬਾਲੇਂਕਾ ਨੂੰ ਦਿੱਤੀ ਮਾਤ

Saturday, Jan 31, 2026 - 05:27 PM (IST)

ਰਿਬਾਕਿਨਾ ਨੇ ਪਹਿਲੀ ਵਾਰ ਜਿੱਤਿਆ ਆਸਟ੍ਰੇਲੀਅਨ ਓਪਨ, ਫਾਈਨਲ ''ਚ ਦੁਨੀਆ ਦੀ ਨੰਬਰ-1 ਸਬਾਲੇਂਕਾ ਨੂੰ ਦਿੱਤੀ ਮਾਤ

ਸਪੋਰਟਸ ਡੈਸਕ- ਕਜ਼ਾਕਿਸਤਾਨ ਦੀ ਸਟਾਰ ਟੈਨਿਸ ਖਿਡਾਰਨ ਐਲੇਨਾ ਰਿਬਾਕਿਨਾ ਨੇ ਆਸਟ੍ਰੇਲੀਅਨ ਓਪਨ 2026 ਵਿੱਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਕੇ ਨਵਾਂ ਇਤਿਹਾਸ ਲਿਖ ਦਿੱਤਾ ਹੈ। ਸ਼ਨੀਵਾਰ (31 ਜਨਵਰੀ) ਨੂੰ ਮੈਲਬੌਰਨ ਦੇ ਰੌਡ ਲੇਵਰ ਏਰੀਨਾ ਵਿੱਚ ਖੇਡੇ ਗਏ ਇੱਕ ਬੇਹੱਦ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਪੰਜਵੀਂ ਦਰਜਾ ਪ੍ਰਾਪਤ ਰਿਬਾਕਿਨਾ ਨੇ ਵਰਲਡ ਨੰਬਰ-1 ਆਰੀਨਾ ਸਬਾਲੇਂਕਾ ਨੂੰ ਹਰਾ ਕੇ ਪਹਿਲੀ ਵਾਰ ਇਹ ਟਰਾਫੀ ਆਪਣੇ ਨਾਮ ਕੀਤੀ।

ਇਹ ਖਿਤਾਬੀ ਮੁਕਾਬਲਾ ਕੁੱਲ 2 ਘੰਟੇ ਅਤੇ 18 ਮਿੰਟ ਤੱਕ ਚੱਲਿਆ, ਜਿਸ ਵਿੱਚ ਰਿਬਾਕਿਨਾ ਨੇ ਸਬਾਲੇਂਕਾ ਨੂੰ 6-4, 4-6, 6-4 ਨਾਲ ਸ਼ਿਕਸਤ ਦਿੱਤੀ। ਰਿਬਾਕਿਨਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸੈੱਟ ਜਿੱਤਿਆ, ਪਰ ਸਬਾਲੇਂਕਾ ਨੇ ਦੂਜੇ ਸੈੱਟ ਵਿੱਚ ਵਾਪਸੀ ਕਰਕੇ ਸਕੋਰ 1-1 ਕਰ ਦਿੱਤਾ। ਆਖਰੀ ਸੈੱਟ ਵਿੱਚ ਇੱਕ ਸਮੇਂ ਸਬਾਲੇਂਕਾ 3-0 ਨਾਲ ਅੱਗੇ ਸੀ, ਪਰ ਰਿਬਾਕਿਨਾ ਨੇ ਆਪਣਾ ਸੰਤੁਲਨ ਬਣਾਈ ਰੱਖਿਆ ਅਤੇ ਮੈਚ 'ਤੇ ਕਬਜ਼ਾ ਜਮਾ ਲਿਆ।

ਇਹ ਰਿਬਾਕਿਨਾ ਦੇ ਕਰੀਅਰ ਦਾ ਦੂਜਾ ਗ੍ਰੈਂਡ ਸਲੈਮ ਖਿਤਾਬ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2022 ਵਿੱਚ ਵਿੰਬਲਡਨ ਚੈਂਪੀਅਨਸ਼ਿਪ ਜਿੱਤੀ ਸੀ। ਜ਼ਿਕਰਯੋਗ ਹੈ ਕਿ 2023 ਵਿੱਚ ਵੀ ਰਿਬਾਕਿਨਾ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿੱਚ ਪਹੁੰਚੀ ਸੀ, ਪਰ ਉਦੋਂ ਉਨ੍ਹਾਂ ਨੂੰ ਸਬਾਲੇਂਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਵਾਰ ਉਨ੍ਹਾਂ ਨੇ ਪੁਰਾਣੀ ਹਾਰ ਦਾ ਬਦਲਾ ਲੈਂਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।

ਦੂਜੇ ਪਾਸੇ, ਆਰੀਨਾ ਸਬਾਲੇਂਕਾ ਕੋਲ ਤੀਜੀ ਵਾਰ ਆਸਟ੍ਰੇਲੀਅਨ ਓਪਨ ਜਿੱਤਣ ਦਾ ਸੁਨਹਿਰੀ ਮੌਕਾ ਸੀ ਪਰ ਉਹ ਇਸ ਵਾਰ ਕਾਮਯਾਬ ਨਹੀਂ ਹੋ ਸਕੀ। ਉਨ੍ਹਾਂ ਨੇ 2023 ਅਤੇ 2024 ਵਿੱਚ ਇੱਥੇ ਖਿਤਾਬ ਜਿੱਤਿਆ ਸੀ। ਸਬਾਲੇਂਕਾ ਨੇ ਹੁਣ ਤੱਕ ਕੁੱਲ ਚਾਰ ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ, ਜਿਨ੍ਹਾਂ ਵਿੱਚ ਦੋ ਯੂ.ਐੱਸ. ਓਪਨ ਵੀ ਸ਼ਾਮਲ ਹਨ।

ਸੈਮੀਫਾਈਨਲ ਵਿੱਚ ਰਿਬਾਕਿਨਾ ਨੇ ਅਮਰੀਕਾ ਦੀ ਜੈਸਿਕਾ ਪੇਗੁਲਾ ਨੂੰ 6-3, 7-6 ਨਾਲ ਹਰਾਇਆ ਸੀ, ਜਦਕਿ ਸਬਾਲੇਂਕਾ ਨੇ ਯੂਕਰੇਨ ਦੀ ਐਲੀਨਾ ਸਵਿਤੋਲੀਨਾ ਨੂੰ 6-2, 6-3 ਨਾਲ ਮਾਤ ਦੇ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ।

ਹੁਣ ਸਭ ਦੀਆਂ ਨਜ਼ਰਾਂ ਐਤਵਾਰ (1 ਫਰਵਰੀ) ਨੂੰ ਹੋਣ ਵਾਲੇ ਪੁਰਸ਼ ਸਿੰਗਲਜ਼ ਦੇ ਫਾਈਨਲ 'ਤੇ ਹਨ। ਇਸ ਮਹਾ-ਮੁਕਾਬਲੇ ਵਿੱਚ ਵਰਲਡ ਨੰਬਰ-1 ਕਾਰਲੋਸ ਅਲਕਾਰੇਜ਼ ਦਾ ਸਾਹਮਣਾ ਸਰਬੀਆਈ ਦਿੱਗਜ ਨੋਵਾਕ ਜੋਕੋਵਿਚ ਨਾਲ ਹੋਵੇਗਾ। ਅਲਕਾਰੇਜ਼ ਨੇ ਅਲੈਗਜ਼ੈਂਡਰ ਜ਼ਵੇਰੇਵ ਨੂੰ ਅਤੇ ਜੋਕੋਵਿਚ ਨੇ ਜੈਨਿਕ ਸਿਨਰ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ।


author

Rakesh

Content Editor

Related News