ਯੋਗਾਸਨ ਨੂੰ ਓਲੰਪਿਕ ’ਚ ਸ਼ਾਮਲ ਕਰਨ ਦੀ ਕੋਸ਼ਿਸ਼ ਜਾਰੀ : ਮਾਂਡਵੀਆ
Wednesday, May 27, 2026 - 10:30 AM (IST)
ਨਵੀਂ ਦਿੱਲੀ- ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀ 2036 ਦੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਨੂੰ ਧਿਆਨ ’ਚ ਰੱਖਦਿਆਂ ਭਵਿੱਖ ਦੇ ਓਲੰਪਿਕ ਖੇਡਾਂ ਦੀ ਸੂਚੀ ’ਚ ਯੋਗਾਸਨ ਨੂੰ ਸ਼ਾਮਲ ਕਰਨ ਲਈ ਜ਼ੋਰ ਦਿੱਤਾ ਜਾਵੇਗਾ। ਇਹ ਖੇਡ 4 ਤੋਂ 8 ਜੂਨ ਤੱਕ ਅਹਿਮਦਾਬਾਦ ’ਚ ਪਹਿਲੀ ਵਿਸ਼ਵ ਚੈਂਪੀਅਨਸ਼ਿਪ ਨਾਲ ਵਿਸ਼ਵ ਪੱਧਰ ’ਤੇ ਆਪਣੀ ਪਛਾਣ ਬਣਾਉਣ ਲਈ ਤਿਆਰ ਹੈ। ਇਸ ਵਿਸ਼ਵ ਚੈਂਪੀਅਨਸ਼ਿਪ ’ਚ 60 ਤੋਂ ਵੱਧ ਦੇਸ਼ਾਂ ਦੇ 529 ਖਿਡਾਰੀ ਹਿੱਸਾ ਲੈਣਗੇ, ਜਿਨ੍ਹਾਂ ’ਚੋਂ 114 ਭਾਰਤੀ ਯੋਗਾਸਨ ਖਿਡਾਰੀ ਵੀ ਸ਼ਾਮਿਲ ਹਨ। ਭਾਰਤੀ ਟੀਮ ਦਾ ਚੋਣ ਟ੍ਰਾਇਲ ਤੋਂ ਬਾਅਦ ਕੀਤਾ ਗਿਆ ਸੀ ਅਤੇ ਅਜੇ ਉਹ ਅਹਿਮਦਾਬਾਦ ਦੇ ਵੀਰ ਸਾਵਰਕਰ ਖੇਡ ਕੰਪਲੈਕਸ ’ਚ ਟ੍ਰੇਨਿੰਗ ਕੈਂਪ ’ਚ ਹਿੱਸਾ ਲੈ ਰਹੀ ਹੈ।
ਮਾਂਡਵੀਆ ਨੇ ਕਿਹਾ, ‘‘ਯੋਗਾਸਨ 2030 ’ਚ ਅਹਿਮਦਾਬਾਦ ’ਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ’ਚ ਰਿਵਾਇਤੀ ਖੇਡਾਂ ’ਚੋਂ ਇਕ ਹੋਵੇਗਾ... ਅਸੀਂ 2036 ’ਚ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਕਰ ਰਹੇ ਹਾਂ। ਜਦੋਂ ਅਜਿਹਾ ਹੋਵੇਗਾ ਤਾਂ ਸਾਡਾ ਖੇਡ ਵੀ ਉਸ ਸੂਚੀ ’ਚ ਹੋਣਾ ਚਾਹੀਦਾ ਹੈ। ਭਾਰਤ ਸਰਕਾਰ ਤੇ ਰਾਸ਼ਟਰੀ ਮਹਾਸੰਘ (ਯੋਗਾਸਨ ਭਾਰਤ) ਦੋਵੇਂ ਹੀ ਇਹ ਯਕੀਨੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸ ਸਮੇਂ ਤੱਕ ਯੋਗ ਇਕ ਓਲੰਪਿਕ ਖੇਡ ਬਣ ਜਾਵੇ। ਪ੍ਰਕਿਰਿਆ ਇਹ ਹੈ ਕਿ ਇਕ ਕੌਮਾਂਤਰੀ ਮਹਾਸੰਘ ਬਣਨ ਲਈ ਤੁਹਾਡੇ ਕੋਲ 75 ਦੇਸ਼ਾਂ ਦੇ ਹਸਤਾਖਰਕਰਤਾ ਹੋਣੇ ਚਾਹੀਦੇ ਹਨ, ਜਿਸ ਤੋਂ ਬਾਅਦ ਕਿਸੇ ਖੇਡ ਨੂੰ ਓਲੰਪਿਕ ’ਚ ਸ਼ਾਮਿਲ ਕਰਨ ਲਈ ਕੌਮਾਂਤਰੀ ਓਲੰਪਿਕ ਕਮੇਟੀ ਤੋਂ ਅਪੀਲ ਕੀਤੀ ਜਾ ਸਕਦੀ ਹੈ।’
