ਵਰਗਾਸ ਦੇ ਦੋ ਗੋਲ ਨਾਲ ਚਿਲੀ ਨੇ ਜਾਪਾਨ ਨੂੰ ਹਰਾਇਆ
Tuesday, Jun 18, 2019 - 04:29 PM (IST)

ਸਪੋਰਟਸ ਡੈਸਕ— ਇਡੁਆਰਡੋ ਵਰਗਾਸ ਦੇ ਦੋ ਗੋਲ ਦੀ ਮਦਦ ਨਾਲ ਚਿਲੀ ਨੇ ਕੋਪਾ ਅਮਰੀਕਾ ਖਿਤਾਬ ਦੇ ਬਚਾਅ ਦੀ ਮੁਹਿੰਮ ਸੋਮਵਾਰ ਨੂੰ ਜਾਪਾਨ 'ਤੇ 4-0 ਦੀ ਜਿੱਤ ਦੇ ਨਾਲ ਸ਼ੁਰੂ ਕੀਤੀ। ਜਾਪਾਨ ਦੀ ਟੀਮ ਇਸ ਟੂਰਨਾਮੈਂਟ 'ਚ ਏਸ਼ੀਆ ਤੋਂ ਸੱਦੀਆਂ ਦੋ ਟੀਮਾਂ 'ਚੋਂ ਇਕ ਹੈ। ਵਰਗਾਸ ਨੇ ਦੋਵੇਂ ਗੋਲ ਮੈਚ ਦੇ ਦੂਜੇ ਹਾਫ 'ਚ ਕੀਤੇ।
ਪਿਛਲੇ ਦੋ ਸੈਸ਼ਨ (2015-16) 'ਚ ਚੈਂਪੀਅਨ ਰਹੀ ਟੀਮ ਲਈ ਏਰਿਕ ਪੁਲਗਰ ਨੇ 41ਵੇਂ ਮਿੰਟ 'ਚ ਪਹਿਲਾ ਗੋਲ ਕੀਤਾ ਜਦਕਿ ਵਰਗਾਸ ਨੇ 54ਵੇਂ ਮਿੰਟ 'ਚ ਇਸ ਬੜ੍ਹਤ ਨੂੰ ਦੁਗਣਾ ਕੀਤਾ। ਐਲੇਕਸਿਸ ਸਾਂਚੇਜ ਨੇ ਇਸ ਤੋਂ ਬਾਅਦ ਮੈਚ ਦੇ 82ਵੇਂ ਮਿੰਟ 'ਚ ਟੀਮ ਲਈ ਤੀਜਾ ਗੋਲ ਕੀਤਾ। ਇਸ ਤੋਂ ਇਕ ਮਿੰਟ ਬਾਅਦ ਹੀ ਵਰਗਾਸ ਨੇ ਆਪਣਾ ਦੂਜਾ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਇਸ ਜਿੱਤ ਦੇ ਨਾਲ ਹੀ ਚਿਲੀ ਦੀ ਟੀਮ ਗਰੁੱਪ-ਸੀ ਦੇ ਸਕੋਰ ਬੋਰਡ 'ਚ ਉਰੂਗਵੇ ਨਾਲ ਚੋਟੀ 'ਤੇ ਪਹੁੰਚ ਗਈ। ਉਰੂਗਵੇ ਨੇ ਵੀ ਇਸੇ ਫਰਕ ਨਾਲ ਇਕਵਾਡੋਰ ਨੂੰ ਹਰਾਇਆ ਸੀ।