5 ਅਰਬ 73 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੇਵੇਗਾ ECB
Thursday, Apr 02, 2020 - 02:37 AM (IST)

ਲੰਡਨ- ਕੌਮਾਂਤਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਨਾਲ ਲੜਨ ਲਈ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ 6.1 ਕਰੋੜ ਪੌਂਡ (ਲੱਗਭਗ 5 ਅਰਬ 73 ਕਰੋੜ ਰੁਪਏ) ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਈ. ਸੀ. ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ ਟਾਮ ਹੈਰੀਸਨ ਨੇ ਇਸ ਹਾਲਾਤ ਨੂੰ ਈ. ਸੀ. ਬੀ. ਦੇ ਸਾਹਮਣੇ ਇਤਿਹਾਸ ਵਿਚ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੱਤਾ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਣ ਇੰਗਲੈਂਡ ਸਮੇਤ ਦੁਨੀਆ ਵਿਚ ਕ੍ਰਿਕਟ ਸਰਗਰਮੀਆਂ ਪੂਰੀ ਤਰ੍ਹਾਂ ਠੱਪ ਪਈਆਂ ਹੋਈਆਂ ਹਨ, ਜਿਸ ਦਾ ਨੁਕਸਾਨ ਬੋਰਡ ਨੂੰ ਝੱਲਣਾ ਪੈ ਰਿਹਾ ਹੈ।
ਫਿਲਹਾਲ 4 ਕਰੋੜ ਪੌਂਡ (ਲੱਗਭਗ 1 ਅਰਬ 97 ਕਰੋੜ ਰੁਪਏ) ਤੁਰੰਤ ਜਾਰੀ ਕੀਤੇ ਜਾਣਗੇ, ਜਿਸ 'ਚੋਂ 2 ਕਰੋੜ 10 ਲੱਖ ਪੌਂਡ (ਕਰੀਬ 1 ਅਰਬ 97 ਕਰੋੜ ਰੁਪਏ) ਖੇਡਾਂ ਨੂੰ ਚਲਾਉਣ ਲਈ ਕਿਸ਼ਤ ਰਹਿਤ ਕਰਜ਼ੇ ਦੇ ਤੌਰ 'ਤੇ ਦਿੱਤੇ ਜਾਣਗੇ। ਹੈਰੀਸਨ ਨੇ ਨਾਲ ਹੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਰੋਨਾ ਵਾਇਰਸ ਦਾ ਪ੍ਰਭਾਵ ਜਲਦ ਹੀ ਖਤਮ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਹਾਲਾਤ ਇਸ ਤੋਂ ਵੀ ਬਦਤਰ ਹੋਣਗੇ। ਉਸ ਨੇ ਕਿਹਾ ਕਿ ਜੋ ਖਿਡਾਰੀ ਕੇਂਦਰੀ ਕਰਾਰ ਵਿਚ ਹਨ, ਉਨ੍ਹਾਂ ਨੂੰ ਛੁੱਟੀ 'ਤੇ ਨਹੀਂ ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ ਤਨਖਾਹ ਕਟੌਤੀ ਬਾਰੇ ਨਹੀਂ ਕਿਹਾ ਜਾਵੇਗਾ। ਇਸ ਤੋਂ ਇਲਾਵਾ ਈ. ਸੀ. ਬੀ. ਕੁਝ ਕਰਮਚਾਰੀਆਂ ਦੀ ਛਾਂਟੀ ਕਰ ਸਕਦਾ ਹੈ।