ਦੁਤੀ ਨੇ ਆਪਣਾ ਰਾਸ਼ਟਰੀ ਰਿਕਾਰਡ ਕੀਤਾ ਬਿਹਤਰ
Friday, Jun 29, 2018 - 02:43 PM (IST)

ਗੁਹਾਟੀ— ਚੋਟੀ ਦੀ ਦੌੜਾਕ ਦੁਤੀ ਚੰਦ ਨੇ ਅੱਜ ਇੱਥੇ 58ਵੀਆਂ ਰਾਸ਼ਟਰੀ ਅੰਤਰਰਾਜੀ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੀ 100 ਮੀਟਰ ਦੌੜ 'ਚ ਆਪਣਾ ਹੀ ਰਾਸ਼ਟਰੀ ਰਿਕਾਰਡ ਤੋੜ ਕੇ ਖ਼ੁਦ ਨੂੰ ਆਗਾਮੀ ਏਸ਼ੀਆਈ ਖੇਡਾਂ 'ਚ ਸੋਨ ਤਮਗੇ ਦੀ ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਸਥਾਪਤ ਕਰ ਦਿੱਤਾ। ਓਡੀਸ਼ਾ ਦੀ 22 ਸਾਲਾਂ ਦੀ ਦੁਤੀ ਨੇ ਚੈਂਪੀਅਨਸ਼ਿਪ ਦੇ ਚੌਥੇ ਅਤੇ ਆਖਰੀ ਦਿਨ ਇੱਥੇ ਇੰਦਰਾ ਗਾਂਧੀ ਐਥਲੈਟਿਕਸ ਸਟੇਡੀਅਮ 'ਚ ਪ੍ਰਤੀਯੋਗਿਤਾ ਦੇ ਸੈਮੀਫਾਈਨਲ 'ਚ ਦੌੜ 11.29 ਸਕਿੰਟ 'ਚ ਪੂਰੀ ਕਰਕੇ 11.30 ਸੈਕਿੰਡ ਦਾ ਆਪਣਾ ਪਿਛਲਾ ਰਿਕਾਰਡ ਬਿਹਤਰ ਕੀਤਾ।
ਮਹਿਲਾਵਾਂ ਦੀ 100 ਮੀਟਰ ਦੀ ਫਾਈਨਲ ਦੌੜ ਅੱਜ ਸ਼ਾਮ ਨੂੰ ਹੋਵੇਗੀ। ਦੁਤੀ ਨੇ ਅੱਜ ਜੋ ਸਮਾਂ ਕੱਢਿਆ, ਉਹ ਇਸ ਸੀਜ਼ਨ 'ਚ ਏਸ਼ੀਆਈ ਖਿਡਾਰੀਆਂ 'ਚ ਸਰਵਸ਼੍ਰੇਸ਼ਠ ਹੈ ਅਤੇ ਇਸ ਦੇ ਨਾਲ ਹੀ ਉਹ ਏਸ਼ੀਆਈ ਖੇਡਾਂ 'ਚ ਸੋਨ ਤਮਗੇ ਦੀ ਮਜ਼ਬੂਤ ਦਾਅਵੇਦਾਰਾਂ 'ਚ ਸ਼ਾਮਲ ਹੋ ਗਈ ਹੈ। ਦੁਤੀ ਨੇ ਦੌੜ ਦੇ ਬਾਅਦ ਕਿਹਾ, ਇਹ ਹਾਲਾਤ ਸਹੀ ਸਨ ਅਤੇ ਦੌੜ ਤੋਂ ਪਹਿਲਾਂ ਮੈਂ ਅਤੇ ਮੇਰੇ ਕੋਚ (ਐੱਨ. ਰਮੇਸ਼) ਨੇ ਰਾਸ਼ਟਰੀ ਰਿਕਾਰਡ 'ਤੇ ਟੀਚਾ ਵਿੰਨ੍ਹਣ ਦਾ ਫੈਸਲਾ ਕੀਤਾ ਸੀ। ਮੈਂ ਬਹੁਤ ਖੁਸ਼ ਹਾਂ ਪਰ ਮੈਂ ਰਿਕਾਰਡ ਹੋਰ ਬਿਹਤਰ ਕਰਨਾ ਚਾਹਾਂਗੀ।