ਦਲੀਪ ਟਰਾਫੀ : ਤਿਲਕ ਤੇ ਪ੍ਰਥਮ ਦੇ ਸੈਂਕੜਿਆਂ ਨਾਲ ਭਾਰਤ-ਏ ਮਜ਼ਬੂਤ ਸਥਿਤੀ ਵਿਚ

Sunday, Sep 15, 2024 - 04:23 PM (IST)

ਦਲੀਪ ਟਰਾਫੀ : ਤਿਲਕ ਤੇ ਪ੍ਰਥਮ ਦੇ ਸੈਂਕੜਿਆਂ ਨਾਲ ਭਾਰਤ-ਏ ਮਜ਼ਬੂਤ ਸਥਿਤੀ ਵਿਚ

ਅਨੰਤਪੁਰ, (ਭਾਸ਼ਾ)–ਤਿਲਕ ਵਰਮਾ ਤੇ ਪ੍ਰਥਮ ਸਿੰਘ ਦੇ ਸੈਂਕੜਿਆਂ ਨਾਲ ਭਾਰਤ-ਏ ਨੇ ਸ਼ਨੀਵਾਰ ਨੂੰ ਦਲੀਪ ਟਰਾਫੀ ਮੈਚ ਦੇ ਤੀਜੇ ਦਿਨ ਆਪਣੀ ਦੂਜੀ ਪਾਰੀ ਤਿੰਨ ਵਿਕਟਾਂ ’ਤੇ 380 ਦੌੜਾਂ ’ਤੇ ਐਲਾਨ ਕਰ ਕੇ ਇੰਡੀਆ-ਡੀ ਨੂੰ ਜਿੱਤ ਲਈ 488 ਦੌੜਾਂ ਦਾ ਮੁਸ਼ਕਿਲ ਟੀਚਾ ਦਿੱਤਾ। ਤਿਲਕ ਨੇ 193 ਗੇਂਦਾਂ ਵਿਚ ਅਜੇਤੂ 111 ਦੌੜਾਂ ਦੀ ਪਾਰੀ ਦੌਰਾਨ 9 ਚੌਕੇ ਲਾਏ ਜਦਕਿ ਸਲਾਮੀ ਬੱਲੇਬਾਜ਼ ਪ੍ਰਥਮ ਨੇ 189 ਗੇਂਦਾਂ ਦੀ ਪਾਰੀ ਵਿਚ 12 ਚੌਕੇ ਤੇ 1 ਛੱਕਾ ਲਾ ਕੇ 122 ਦੌੜਾਂ ਬਣਾਈਆਂ। ਦੋਵਾਂ ਨੇ ਦੂਜੀ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਉਣ ਵਿਚ ਅਹਿਮ ਯੋਗਦਾਨ ਦਿੱਤਾ।

ਟੀਚੇ ਦਾ ਪਿੱਛਾ ਕਰਦੇ ਹੋਏ ਇੰਡੀਆ-ਡੀ ਨੇ ਦਿਨ ਦੀ ਖੇਡ ਖਤਮ ਹੋਣ ਤੱਕ ਇਕ ਵਿਕਟ ’ਤੇ 62 ਦੌੜਾਂ ਬਣਾ ਲਈਆਂ। ਅਰਥਵ ਤਾਇਡੇ ਖਾਤਾ ਖੋਲ੍ਹੇ ਬਿਨਾਂ ਖਲੀਲ ਅਹਿਮਦ ਦਾ ਸ਼ਿਕਾਰ ਬਣਿਆ। ਸਲਾਮੀ ਬੱਲੇਬਾਜ਼ ਯਸ਼ ਦੂਬੇ 15 ਤੇ ਰਿਕੀ ਭੂਈ 44 ਦੌੜਾਂ ਬਣਾ ਕੇ ਕ੍ਰੀਜ਼ ’ਤੇ ਮੌਜੂਦ ਹਨ। ਭੂਈ ਨੇ 52 ਗੇਂਦਾਂ ਦੀ ਹਮਲਾਵਰ ਅਜੇਤੂ ਪਾਰੀ ਵਿਚ 8 ਚੌਕੇ ਤੇ 1 ਛੱਕਾ ਲਾਇਆ।

ਦਿਨ ਦੀ ਸ਼ੁਰੂਆਤ ਵਿਚ 59 ਦੌੜਾਂ ’ਤੇ ਬੱਲੇਬਾਜ਼ੀ ਕਰ ਰਹੇ ਪ੍ਰਥਮ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ ਸ਼ੁਰੂਆਤੀ ਸੈਸ਼ਨ ਵਿਚ 149 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਰੇਲਵੇ ਦੇ 32 ਸਾਲ ਦੇ ਇਸ ਬੱਲੇਬਾਜ਼ ਨੂੰ ਖੱਬੇ ਹੱਥ ਦੇ ਸਪਿਨਰ ਸੌਰਭ ਕੁਮਾਰ ਨੇ ਕਪਤਾਨ ਸ਼੍ਰੇਅਸ ਅਈਅਰ ਦੇ ਹੱਥੋਂ ਕੈਚ ਕਰਵਾਇਆ।

ਦੂਜੇ ਪਾਸੇ ਤੋਂ ਤਿਲਕ ਵਰਮਾ ਨੇ ਸਬਰ ਨਾਲ ਬੱਲੇਬਾਜ਼ੀ ਜਾਰੀ ਰੱਖਦੇ ਹੋਏ 96 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜਿਸ ਨਾਲ ਲੰਚ ਤੱਕ ਭਾਰਤ-ਏ ਨੇ ਦੋ ਵਿਕਟਾਂ ’ਤੇ 260 ਦੌੜਾਂ ਬਣਾ ਲਈਆਂ ਸਨ। ਦਿਨ ਦੇ ਦੂਜੇ ਸੈਸ਼ਨ ਦੀ ਸ਼ੁਰੂਆਤ ਵਿਚ ਭਾਰਤ-ਏ ਨੇ ਰਿਆਨ ਪ੍ਰਾਗ (20) ਦੀ ਵਿਕਟ ਗੁਆ ਦਿੱਤੀ ਪਰ ਤਿਲਕ ਨੂੰ ਇਸ ਤੋਂ ਬਾਅਦ ਸ਼ਾਸ਼ਵਤ ਰਾਵਤ ਦਾ ਚੰਗਾ ਸਾਥ ਮਿਲਿਆ ਤੇ ਦੋਵਾਂ ਨੇ ਚੌਥੇ ਵਿਕਟ ਲਈ 116 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਰਾਵਤ ਨੇ 88 ਗੇਂਦਾਂ ਦੀ ਪਾਰੀ ਵਿਚ 7 ਚੌਕਿਆਂ ਦੀ ਮਦਦ ਨਾਲ 64 ਦੌੜਾਂ ਬਣਾਈਆਂ। ਤਿਲਕ ਨੇ ਆਫ ਸਪਿਨਰ ਸਾਰਾਂਸ਼ ਜੈਨ ਵਿਰੁੱਧ ਗੇਂਦ ਨੂੰ ਥਰਡ ਮੈਨ ਦੀ ਦਿਸ਼ਾ ਵਿਚ ਖੇਡ ਕੇ ਦੋ ਦੌੜਾਂ ਦੇ ਨਾਲ 177 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਤਿਲਕ ਦਾ ਪਹਿਲੀ ਸ਼੍ਰੇਣੀ ਵਿਚ ਇਹ 5ਵਾਂ ਸੈਂਕੜਾ ਹੈ।


author

Tarsem Singh

Content Editor

Related News