ਆਪਣੀ ਸੁਰੱਖਿਅਤ ਤੇ ਠੋਸ ਬੱਲੇਬਾਜ਼ੀ ਵਾਂਗ ਕੋਚਿੰਗ ਵੀ ਸੰਭਾਲਣਗੇ ਦ੍ਰਾਵਿੜ : ਗਾਵਸਕਰ

11/18/2021 11:28:49 AM

ਨਵੀਂ ਦਿੱਲੀ (ਭਾਸ਼ਾ)-ਆਪਣੇ ਜ਼ਮਾਨੇ ਦੇ ਦਿੱਗਜ਼ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਰਾਹੁਲ ਦ੍ਰਾਵਿੜ ਭਾਰਤੀ ਟੀਮ ਦੇ ਮੁੱਖ ਕੋਚ ਦੇ ਰੂਪ ਵਿਚ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਉਸੇ ਤਰ੍ਹਾਂ ਸੁਰੱਖਿਅਤ ਅਤੇ ਠੋਸ ਤਰੀਕੇ ਨਾਲ ਨਿਭਾਉਣਗੇ, ਜਿਵੇਂ ਦੇਸ਼ ਵੱਲੋਂ ਖੇਡਦੇ ਹੋਏ ਉਨ੍ਹਾਂ ਨੇ ਬੱਲੇਬਾਜ਼ੀ ਕੀਤੀ ਸੀ। ਭਾਰਤ ਵੱਲੋਂ ਖੇਡਣ ਵਾਲੇ ਸਦਾਬਹਾਰ ਮਹਾਨ ਕ੍ਰਿਕਟਰਾਂ ’ਚੋਂ ਇਕ ਦ੍ਰਾਵਿੜ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਰਵੀ ਸ਼ਾਸਤਰੀ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਭਾਰਤੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਗਾਵਸਕਰ ਨੇ ਕਿਹਾ, ‘‘ਜਦੋਂ ਉਹ ਖੇਡਿਆ ਕਰਦੇ ਸਨ ਤਾਂ ਅਸੀਂ ਸੋਚਦੇ ਸੀ ਕਿ ਜਦੋਂ ਤੱਕ ਰਾਹੁਲ ਦ੍ਰਾਵਿੜ ਕਰੀਜ਼ ਉੱਤੇ ਹੈ, ਭਾਰਤੀ ਬੱਲੇਬਾਜ਼ੀ ਸੁਰੱਖਿਅਤ ਤੇ ਮਜ਼ਬੂਤ ਹੈ। ਇਸ ਲਈ ਮੇਰਾ ਮੰਨਣਾ ਹੈ ਕਿ ਮੁੱਖ ਕੋਚ ਦੀ ਨਵੀਂ ਜ਼ਿੰਮੇਵਾਰੀ ਵੀ ਉਹ ਇਸੇ ਤਰ੍ਹਾਂ ਨਿਭਾਉਣ ’ਚ ਸਮਰੱਥ ਹੋਣਗੇ। ਵਿਰਾਟ ਕੋਹਲੀ ਦੀ ਜਗ੍ਹਾ ਟੀ20 ਕਪਤਾਨੀ ਸੰਭਾਲਣ ਵਾਲੇ ਰੋਹਿਤ ਸ਼ਰਮਾ ਤੇ ਦ੍ਰਾਵਿੜ ਵਿਚਾਲੇ ਸਮਾਨਤਾਵਾਂ ’ਤੇ ਗੌਰ ਕਰਦਿਆਂ ਗਾਵਸਕਰ ਨੇ ਕਿਹਾ ਕਿ ਉਹ ਸਹਿਜਤਾ ਨਾਲ ਮਿਲ ਕੇ ਕੰਮ ਕਰਨਗੇ।

ਉਨ੍ਹਾਂ ਕਿਹਾ ਕਿ ਜੇ ਤੁਸੀਂ ਉਨ੍ਹਾਂ ਦੋਵਾਂ ਦੇ ਸੁਭਾਅ ’ਤੇ ਗੌਰ ਕਰੋ ਤਾਂ ਉਹ ਇਕੋ ਜਿਹੇ ਹਨ। ਰੋਹਿਤ ਵੀ ਰਾਹੁਲ ਦ੍ਰਾਵਿੜ ਵਾਂਗ ਸ਼ਾਂਤ ਸੁਭਾਅ ਦੇ ਹਨ। ਗਾਵਸਕਰ ਨੇ ਕਿਹਾ ਕਿ ਇਸ ਲਈ ਉਨ੍ਹਾਂ ਵਿਚਾਲੇ ਆਪਸੀ ਸਬੰਧ ਕਾਫ਼ੀ ਚੰਗਾ ਹੋਵੇਗਾ ਕਿਉਂਕਿ ਦੋਵੇਂ ਹੀ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਨਿਊਜ਼ੀਲੈਂਡ ਖ਼ਿਲਾਫ ਟੀ20 ਸੀਰੀਜ਼ ਨਾਲ ਦ੍ਰਾਵਿੜ ਤੇ ਰੋਹਿਤ ਨੇ ਆਪਣੀ ਇਸ ਨਵੀਂ ਪਾਰੀ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਕੋਹਲੀ ਨੂੰ ਇਸ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ।
 


Manoj

Content Editor

Related News