ਜੋਕੋਵਿਚ ਅਮਰੀਕੀ ਓਪਨ ਦੇ ਫ਼ਾਈਨਲ ''ਚ ਪੁੱਜੇ
Sunday, Sep 12, 2021 - 11:14 AM (IST)
ਸਪੋਰਟਸ ਡੈਸਕ- ਮਜ਼ਬੂਤ ਮਾਨਸਿਕਤਾ ਤੇ ਦਮਦਾਰ ਫਿਟਨੈੱਸ ਦਾ ਨਜ਼ਰਾ ਪੇਸ਼ ਕਰਦੇ ਹੋਏ ਨੋਵਾਕ ਜੋਕੋਵਿਚ ਨੇ ਇਸ ਸਾਲ ਗਰੈਂਡ ਸਲੈਮ ਵਿਚ ਲਗਾਤਾਰ 27ਵੀਂ ਜਿੱਤ ਦਰਜ ਕੀਤੀ ਤੇ ਪੰਜ ਸੈੱਟਾਂ ਤਕ ਚੱਲੇ ਅਮਰੀਕੀ ਓਪਨ ਦੇ ਸੈਮੀਫਾਈਨਲ ਮੁਕਾਬਲੇ ਵਿਚ ਜ਼ਵੇਰੇਵ ਨੂੰ 4-6, 6-2, 6-4, 4-6, 6-2 ਨਾਲ ਹਰਾਇਆ। ਇਸ ਤਰ੍ਹਾਂ ਹੁਣ ਫਾਈਨਲ ਵਿਚ ਦੁਨੀਆ ਦੇ ਨੰਬਰ ਇਕ ਸਰਬੀਆਈ ਜੋਕੋਵਿਕ ਦਾ ਸਾਹਮਣਾ ਦੂਜੇ ਨੰਬਰ ਦੇ ਰੂਸੀ ਟੈਨਿਸ ਖਿਡਾਰੀ ਡੇਨਿਲ ਮੇਦਵੇਦੇਵ ਨਾਲ ਹੋਵੇਗਾ।
52 ਸਾਲ ਪਹਿਲਾਂ 1969 ਵਿਚ ਰਾਡ ਲੇਵਰ ਨੇ ਇਕ ਹੀ ਕੈਲੰਡਰ ਸਾਲ ਦੇ ਚਾਰ ਗਰੈਂਡ ਸਲੈਮ ਜਿੱਤੇ ਸਨ। ਇਸ ਤੋਂ ਬਾਅਦ ਤੋਂ ਅੱਜ ਤਕ ਅਜਿਹਾ ਕਾਰਨਾਮਾ ਕੋਈ ਵੀ ਮਰਦ ਟੈਨਿਸ ਖਿਡਾਰੀ ਨਹੀਂ ਕਰ ਸਕਿਆ ਹੈ। ਇਸ ਕਾਰਨ ਜੋਕੋਵਿਕ ਨੂੰ ਆਰਥਰ ਏਸ਼ ਸਟੇਡੀਅਮ ਵਿਚ ਸੈਮੀਫਾਈਨਲ ਮੈਚ ਦੌਰਾਨ ਦੇਖਣ ਲਈ ਹੁਣ 82 ਸਾਲ ਦੇ ਹੋ ਚੁੱਕੇ ਰਾਡ ਲੇਵਲ ਵੀ ਸਟੈਂਡ ਵਿਚ ਮੌਜੂਦ ਸਨ। ਜੋਕੋਵਿਕ ਇਸ ਸਾਲ ਆਸਟ੍ਰੇਲੀਅਨ ਓਪਨ, ਫਰੈਂਚ ਓਪਨ ਤੇ ਵਿੰਬਲਡਨ ਦਾ ਖ਼ਿਤਾਬ ਜਿੱਤ ਚੁੱਕੇ ਹਨ ਜਿਸ ਤੋਂ ਬਾਅਦ 21ਵੇਂ ਗਰੈਂਡ ਸਲੈਮ ਦੇ ਰੂਪ ਵਿਚ ਉਹ ਯੂਐੱਸ ਓਪਨ ਵੀ ਜਿੱਤਣਾ ਚਾਹੁਣਗੇ।