ਜੋਕੋਵਿਚ 11 ਸਾਲਾਂ ’ਚ ਪਹਿਲੀ ਵਾਰ ਹਮਵਤਨ ਸਰਬੀਆਈ ਖਿਡਾਰੀ ਤੋਂ ਹਾਰਿਆ
Sunday, Apr 23, 2023 - 09:29 AM (IST)

ਬੰਜਾ ਲੁਕਾ (ਬੋਸਨੀਆ ਤੇ ਹਰਜੇਗੋਵਿਨਾ))– ਵਿਸ਼ਵ ਦਾ ਨੰਬਰ ਇਕ ਖਿਡਾਰੀ ਸਰਬੀਆ ਦਾ ਨੋਵਾਕ ਜੋਕੋਵਿਚ ਸਪਰਸਕਾ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਆਪਣੇ ਹਮਵਤਨ ਡੁਸਾਨ ਲਾਜੋਵਿਚ ਹੱਥੋਂ ਹਾਰ ਗਿਆ। ਇਹ ਪਿਛਲੇ 11 ਸਾਲਾਂ ’ਚ ਪਹਿਲਾ ਮੌਕਾ ਹੈ ਜਦਕਿ ਜੋਕੋਵਿਚ ਨੂੰ ਆਪਣੇ ਹਮਵਤਨ ਕਿਸੇ ਖਿਡਾਰੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਲਾਜੋਵਿਚ ਨੇ ਇੱਥੇ ਖੇਡੇ ਗਏ ਇਸ ਮੈਚ ਵਿਚ 6-4, 7-6 (6) ਨਾਲ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ,‘‘ਇਹ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਹੈ। ਜੋਕੋਵਿਚ ਮੇਰਾ ਚੰਗਾ ਦੋਸਤ ਤੇ ਸਾਡੇ ਦੇਸ਼ ਦਾ ਨਾਇਕ ਹੈ। ਮੈਂ ਉਸ ਨੂੰ ਹਰਾਉਣ ਦੇ ਬਾਰੇ ਵਿਚ ਸੋਚਿਆ ਤਕ ਨਹੀਂ ਸੀ ਪਰ ਅਜਿਹਾ ਹੋ ਗਿਆ।’’ ਜੋਕੋਵਿਚ ਨੂੰ ਇਸ ਤੋਂ ਪਹਿਲਾਂ ਆਖਰੀ ਵਾਰ ਸਰਬੀਆ ਦੇ ਕਿਸੇ ਖਿਡਾਰੀ ਹੱਥੋਂ 2012 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤਦ ਮੈਡ੍ਰਿਡ ’ਚ ਜਾਂਕੋ ਟਿਪਸਾਰੇਵਿਚ ਨੇ ਉਸ ਨੂੰ ਹਰਾਇਆ ਸੀ।