ਜੋਕੋਵਿਚ 9ਵੀਂ ਵਾਰ ਵਿੰਬਲਡਨ ਦੇ ਸੈਮੀਫਾਈਨਲ ''ਚ
Wednesday, Jul 10, 2019 - 11:51 PM (IST)

ਲੰਡਨ— ਵਿਸ਼ਵ ਦੇ ਨੰਬਰ ਇਕ ਖਿਡਾਰੀ ਤੇ ਉੱਚ ਰੈਂਕਿੰਗ ਪ੍ਰਾਪਤ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਲਜੀਅਮ ਦੇ ਡੇਵਿਡ ਗੋਫਿਨ ਨੂੰ ਬੁੱਧਵਾਰ ਲਗਾਤਾਰ ਸੈੱਟਾਂ 'ਚ 6-4, 6-0, 6-2 ਨਾਲ ਹਰਾ ਕੇ 9ਵੀਂ ਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਪਿਛਲੇ ਚੈਂਪੀਅਨ ਅਤੇ ਇਥੇ ਚਾਰ ਵਾਰ ਖਿਤਾਬ ਜਿੱਤ ਚੁੱਕੇ ਜੋਕੋਵਿਚ ਨੇ ਇਹ ਮੁਕਾਬਲਾ 57 ਮਿੰਟ ਵਿਚ ਜਿੱਤਿਆ। ਉਸ ਨੇ ਕੁਆਰਟਰ ਫਾਈਨਲ ਵਿਚ ਗੋਫਿਨ ਵਿਰੁੱਧ ਲਗਾਤਾਰ 10 ਗੇਮਾਂ ਜਿੱਤ ਕੇ ਮੈਚ ਨੂੰ ਪੂਰੀ ਤਰ੍ਹਾਂ ਇਕਤਰਫਾ ਬਣਾ ਦਿੱਤਾ।
9ਵੀਂ ਵਾਰ ਸੈਮੀਫਾਈਨਲ 'ਚ ਪੁੱਜਣ ਤੋਂ ਬਾਅਦ ਜੋਕੋਵਿਚ ਆਲ ਇੰਗਲੈਂਡ ਕਲੱਬ ਵਿਚ ਸਭ ਤੋਂ ਵੱਧ ਵਾਰ ਸੈਮੀਫਾਈਨਲ ਵਿਚ ਪੁੱਜਣ ਦੇ ਮਾਮਲੇ 'ਚ ਬੋਰਿਸ ਬੇਕਰ, ਆਰਥਰ ਗੋਰੇ ਅਤੇ ਹਰਬਰਟ ਲਾਫੋਰਡ ਦੀ ਬਰਾਬਰੀ 'ਤੇ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ ਪੁੱਜ ਗਿਆ ਹੈ।