ਰਿਕਾਰਡ ਗ੍ਰੈਂਡ ਸਲੈਮ ਲਈ ਅੱਗੇ ਵਧੇ ਜੋਕੋਵਿਚ, ਗ੍ਰੀਕਸਪੂਰ ਨੂੰ ਹਰਾਇਆ
Friday, Sep 03, 2021 - 07:16 PM (IST)
ਸਪੋਰਟਸ ਡੈਸਕ- ਚੋਟੀ ਦਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਅਮਰੀਕੀ (ਯੂ. ਐੱਸ,) ਓਪਨ ਦੇ ਦੂਜੇ ਦੌਰ 'ਚ ਨੀਦਰਲੈਂਡ ਦੇ ਟੇਲੋਨ ਗ੍ਰੀਕਸਪੂਰ ਨੂੰ ਹਰਾ ਕੇ ਕਰੀਅਰ ਗ੍ਰੈਂਡ ਸਲੈਮ ਦੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਵੱਲ ਮਜ਼ਬੂਤ ਕਦਮ ਵਧਾਇਆ। ਜੋਕੋਵਿਚ 1969 ਦੇ ਬਾਅਦ ਕੈਲੰਡਰ ਗ੍ਰੈਂਡ ਸਲੈਮ ਪੂਰਾ ਕਰਨ ਵਾਲੇ ਪਹਿਲੇ ਪੁਰਸ਼ ਖਿਡਾਰੀ ਬਣਨ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਉਹ ਇਸ ਸਾਲ ਹਾਰਡ ਕੋਰਟ 'ਤੇ ਆਸਟਰੇਲੀਆ ਓਪਨ, ਕਲੇਅ ਕੋਰਟ 'ਤੇ ਫ੍ਰੈਂਚ ਓਪਨ ਤੇ ਗ੍ਰਾਸ ਕੋਰਟ 'ਤੇ ਵਿੰਬਲਡਨ ਦਾ ਖ਼ਿਤਾਬ ਜਿੱਤ ਚੁੱਕੇ ਹਨ।
ਸਰਬੀਆ ਦਾ ਇਹ ਖਿਡਾਰੀ ਜੇਕਰ ਇੱਥੇ ਖ਼ਿਤਾਬ ਜਿੱਤ ਲੈਂਦਾ ਹੈ ਤਾਂ ਇਹ ਉਨ੍ਹਾਂ ਦਾ ਰਿਕਾਰਡ 21ਵਾਂ ਸਿੰਗਲ ਪੁਰਸ਼ ਗ੍ਰੈਂਡ ਸਲੈਮ ਖ਼ਿਤਾਬ ਹੋਵੇਗਾ। ਗ੍ਰੈਂਡਸਲੈਮ ਖ਼ਿਤਾਬ ਦੇ ਮਾਮਲੇ 'ਚ ਉਨ੍ਹਾਂ ਦੇ ਨਾਲ ਰੋਜਰ ਫੈਡਰਰ ਤੇ ਰਾਫੇਲ ਨਡਾਲ ਦੇ ਨਾਂ 20-20 ਖ਼ਿਤਾਬ ਹਨ। ਇਸ ਸਾਲ ਗ੍ਰੈਂਡ ਸਲੈਮ ਮੁਕਾਬਲਿਆਂ 'ਚ ਜੋਕੋਵਿਚ ਦੀ ਇਹ 23ਵੀਂ ਜਿੱਤ ਹੈ ਤੇ ਉਹ ਇਨ੍ਹਾਂ ਇਤਿਹਾਸਕ ਉਪਲੱਬਧੀਆਂ ਨੂੰ ਆਪਣੇ ਨਾਂ ਕਰਨ ਤੋਂ ਪੰਜ ਜਿੱਤ ਦੂਰ ਹੈ। ਜੋਕੋਵਿਚ ਨੇ ਗ੍ਰੀਕਸਪੂਰ ਨੂੰ ਸਿੱਧੇ ਸੈਟਾਂ 'ਚ 6-2, 6-3, 6-2 ਨਾਲ ਹਰਾਇਆ।