ਹੱਥ ''ਚ ਦਰਦ ਨਾਲ ਜੂਝਦੇ ਹੋਏ ਜਿੱਤੇ ਜੋਕੋਵਿਚ, ਸੈਮੀਫਾਈਨਲ ''ਚ ਸਿਟਸਿਪਾਸ ਨਾਲ ਹੋਵੇਗਾ ਸਾਹਮਣਾ
Thursday, Oct 08, 2020 - 12:57 PM (IST)
ਪੈਰਿਸ (ਭਾਸ਼ਾ) : ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਖ਼ੱਬੇ ਹੱਥ ਵਿਚ ਦਰਦ ਨਾਲ ਜੂਝਦੇ ਹੋਏ 17ਵੀਂ ਰੈਂਕਿੰਗ ਵਾਲੇ ਪਾਬਲੋ ਕਾਰੇਨੋ ਬਸਟਾ ਨੂੰ ਹਰਾ ਕੇ 10ਵੀਂ ਵਾਰ ਫਰੈਂਚ ਓਪਨ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਜੋਕੋਵਿਚ ਦੀ ਸ਼ੁਰੂਆਤ ਹੌਲੀ ਰਹੀ ਅਤੇ ਉਹ ਵਿਚ ਕਈ ਵਾਰ ਦਰਦ ਨਾਲ ਜੂਝਦੇ ਵਿਖੇ। ਉਨ੍ਹਾਂ ਨੇ ਟਰੇਨਰ ਤੋਂ ਮਾਲਿਸ਼ ਵੀ ਕਰਾਈ। ਜੋਕੋਵਿਚ ਨੇ ਇਹ ਮੁਕਾਬਲਾ 4.6, 6.2, 6.3, 6.4 ਨਾਲ ਜਿੱਤਿਆ ਅਤੇ ਰੋਲਾਂ ਗੈਰਾਂ 'ਤੇ ਦੂਜੇ ਖ਼ਿਤਾਬ ਵੱਲ ਅਗਲਾ ਕਦਮ ਵਧਾ ਦਿੱਤਾ।
ਪਿਛਲੇ ਮਹੀਨੇ ਅਮਰੀਕੀ ਓਪਨ ਦੇ ਚੌਥੇ ਦੌਰ ਵਿਚ ਵੀ ਇਹ 2 ਖਿਡਾਰੀ ਆਹਮੋ ਸਾਹਮਣੇ ਸਨ,ਜਦੋਂ ਲਾਈਨ ਜਜ ਨੂੰ ਗ਼ੁੱਸੇ ਵਿਚ ਗੇਂਦ ਮਾਰਨ ਕਾਰਨ ਜੋਕੋਵਿਚ ਨੂੰ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ। ਉਸ ਦੇ ਬਾਅਦ ਤੋਂ ਖੇਡੇ ਸਾਰੇ 10 ਮੈਚ ਜੋਕੋਵਿਚ ਨੇ ਜਿੱਤੇ ਹਨ। ਹੁਣ ਸੈਮੀਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਦੁਨੀਆ ਦੇ 5ਵੇਂ ਨੰਬਰ ਦੇ ਖਿਡਾਰੀ ਸਟੇਫਾਨੋਸ ਸਿਟਸਿਪਾਸ ਨਾਲ ਹੋਵੇਗਾ। ਉਥੇ ਹੀ ਦੂਜੇ ਸੈਮੀਫਾਈਨਲ ਵਿਚ ਦੂਜੀ ਰੈਂਕਿੰਗ ਵਾਲੇ ਰਫੇਲ ਨਡਾਲ ਦੀ ਟੱਕਰ 12ਵੀਂ ਰੈਂਕਿੰਗ ਪ੍ਰਾਪਤ ਡਿਏਗੋ ਸ਼ਵਾਰਤਜਮੈਨ ਨਾਲ ਹੋਵੇਗੀ। ਮਹਿਲਾ ਸੈਮੀਫਾਈਨਲ ਵਿਚ ਦੁਨੀਆ ਦੀ ਚੌਥੇ ਨੰਬਰ ਦੀ ਖਿਡਾਰੀ ਸੋਫੀਆ ਕੇਨਿਨ ਦਾ ਸਾਹਮਣਾ ਸੱਤਵੀਂ ਰੈਂਕਿੰਗ ਵਾਲੀ ਪੇਤਰਾ ਕਵਿਤੋਵਾ ਨਾਲ ਹੋਵੇਗਾ। ਉਥੇ ਹੀ 54ਵੀਂ ਰੈਕਿੰਗ ਵਾਲੀ ਇਗਾ ਸਵਿਆਤੇਕ ਦੀ ਟੱਕਰ 131ਵੀਂ ਰੈਂਕਿੰਗ ਪ੍ਰਾਪਤ ਨਾਦੀਆ ਪੋਡੋਰੋਸਕਾ ਨਾਲ ਹੋਵੇਗੀ। ਨਾਦੀਆ ਫਰੈਂਚ ਓਪਨ ਵਿਚ ਸੈਮੀਫਾਈਨਲ ਤੱਕ ਪੁੱਜਣ ਵਾਲੀ ਪਹਿਲੀ ਕੁਆਲੀਫਾਇਰ ਹੈ। ਸਿਟਸਿਪਾਸ ਨੇ ਆਂਦਰੇਈ ਰੂਬਲੇਵ ਨੂੰ 7.5, 6.2, 6.3 ਨਾਲ ਮਾਤ ਦਿੱਤੀ।