ਬਾਕੂ ਵਿਸ਼ਵ ਕੱਪ ''ਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ

Thursday, May 09, 2024 - 08:33 PM (IST)

ਬਾਕੂ ਵਿਸ਼ਵ ਕੱਪ ''ਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ

ਨਵੀਂ ਦਿੱਲੀ, (ਭਾਸ਼ਾ) ਭਾਰਤੀ ਨਿਸ਼ਾਨੇਬਾਜ਼ਾਂ ਦਾ ਬਾਕੂ 'ਚ ਚੱਲ ਰਹੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਜਾਰੀ ਰਿਹਾ. ਵੀਰਵਾਰ ਨੂੰ ਪੁਰਸ਼ ਅਤੇ ਮਹਿਲਾ ਦੋਵਾਂ ਮੁਕਾਬਲਿਆਂ 'ਚ ਕੋਈ ਵੀ ਸਕੀਟ ਨਿਸ਼ਾਨੇਬਾਜ਼ ਫਾਈਨਲ 'ਚ ਜਗ੍ਹਾ ਨਹੀਂ ਬਣਾ ਸਕਿਆ। ਏਸ਼ੀਆਈ ਖੇਡਾਂ ਦਾ ਚਾਂਦੀ ਦਾ ਤਗ਼ਮਾ ਜੇਤੂ ਅਨੰਤ ਜੀਤ ਸਿੰਘ ਨਾਰੂਕਾ 125 ਵਿੱਚੋਂ 120 ਦੇ ਕੁਆਲੀਫਾਇੰਗ ਸਕੋਰ ਨਾਲ 15ਵੇਂ ਸਥਾਨ ’ਤੇ ਰਿਹਾ।

48 ਸਾਲਾ ਅਨੁਭਵੀ ਨਿਸ਼ਾਨੇਬਾਜ਼ ਮੇਰਾਜ ਅਹਿਮਦ ਖ਼ਾਨ 80 ਨਿਸ਼ਾਨੇਬਾਜ਼ਾਂ ਵਿੱਚੋਂ ਸਿਰਫ਼ 105 ਸਕੋਰ ਬਣਾ ਕੇ 76ਵੇਂ ਸਥਾਨ ’ਤੇ ਰਿਹਾ। ਓਲੰਪੀਅਨ ਮੇਰਾਜ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਨਹੀਂ ਕਰ ਸਕੇ। ਉਹ ਆਖਰੀ ਦੋ ਕੁਆਲੀਫਾਇੰਗ ਦੌਰ ਵਿੱਚ 25 ਵਿੱਚੋਂ 21 ਦਾ ਹੀ ਸਕੋਰ ਬਣਾ ਸਕਿਆ। ਤੀਜਾ ਭਾਰਤੀ ਨਿਸ਼ਾਨੇਬਾਜ਼ ਸ਼ੀਰਾਜ ਸ਼ੇਖ 25 ਸ਼ਾਟ ਦੇ ਪੰਜ ਕੁਆਲੀਫਾਇੰਗ ਰਾਊਂਡਾਂ ਵਿੱਚ 115 ਦੇ ਸਕੋਰ ਨਾਲ 54ਵੇਂ ਸਥਾਨ ’ਤੇ ਰਿਹਾ। 

ਔਰਤਾਂ ਦੇ ਸਕੀਟ ਮੁਕਾਬਲੇ ਵਿੱਚ ਰੇਜ਼ਾ ਢਿੱਲੋਂ 125 ਵਿੱਚੋਂ 114 ਦੇ ਕੁੱਲ ਸਕੋਰ ਨਾਲ 16ਵੇਂ ਸਥਾਨ ’ਤੇ ਰਹੀ। ਜਦੋਂ ਕਿ ਮਹੇਸ਼ਵਰੀ ਚੌਹਾਨ 113 ਅੰਕਾਂ ਨਾਲ 20ਵੇਂ ਸਥਾਨ 'ਤੇ ਰਹੀ। ਇਕ ਹੋਰ ਨੌਜਵਾਨ ਨਿਸ਼ਾਨੇਬਾਜ਼ ਗਨੇਮਤ ਸੇਖੋਂ 111 ਅੰਕਾਂ ਨਾਲ 25ਵੇਂ ਸਥਾਨ 'ਤੇ ਰਹੀ।  ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਟਰੈਪ ਨਿਸ਼ਾਨੇਬਾਜ਼ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ ਸੀ।

ਵਿਵਾਨ ਕਪੂਰ ਛੇ ਨਿਸ਼ਾਨੇਬਾਜ਼ਾਂ ਵਿੱਚੋਂ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝ ਗਿਆ ਅਤੇ ਸੱਤਵੇਂ ਸਥਾਨ ’ਤੇ ਰਿਹਾ। ਪ੍ਰਿਥਵੀ ਟੋਂਡੀਮਨ (117) 24ਵੇਂ ਅਤੇ ਓਲੰਪਿਕ ਕੋਟਾ ਜੇਤੂ ਭਵਨੀਸ਼ ਮੈਂਦਿਰੱਤਾ (116) 39ਵੇਂ ਸਥਾਨ 'ਤੇ ਰਹੇ। ਵੈਟਰਨ ਜ਼ੋਰਾਵਰ ਸਿੰਘ ਸੰਧੂ ਰੈਂਕਿੰਗ ਪੁਆਇੰਟਸ (ਆਰਪੀਓ) ਈਵੈਂਟ ਵਿੱਚ 52ਵੇਂ ਸਥਾਨ 'ਤੇ ਰਹੇ। ਓਲੰਪਿਕ ਕੋਟਾ ਜੇਤੂ ਰਾਜੇਸ਼ਵਰੀ ਕੁਮਾਰੀ ਕੁਆਲੀਫਿਕੇਸ਼ਨ ਰਾਊਂਡ 'ਚ 108 ਦੇ ਸਕੋਰ ਨਾਲ 23ਵੇਂ ਸਥਾਨ 'ਤੇ ਰਹੀ, ਜਦਕਿ ਇਕ ਹੋਰ ਮਹਿਲਾ ਟਰੈਪ ਨਿਸ਼ਾਨੇਬਾਜ਼ ਸ਼੍ਰੇਅਸੀ ਸਿੰਘ ਸਿਰਫ 107 ਅੰਕ ਹੀ ਬਣਾ ਸਕੀ।


author

Tarsem Singh

Content Editor

Related News