ਡਿੰਗ ਲੀਰੇਨ ਵੀ ਪਹੁੰਚਿਆ ਫਿਡੇ ਸ਼ਤਰੰਜ ਕੱਪ ਦੇ ਫਾਈਨਲ ''ਚ, ਹੁਣ ਤੈਮੂਰ ਨਾਲ ਟਕਰਾਏਗਾ
Sunday, Sep 29, 2019 - 09:25 PM (IST)

ਕਾਂਤੀ ਮਨਸੀਸਕ (ਰੂਸ) (ਨਿਕਲੇਸ਼ ਜੈਨ)-ਫਿਡੇ ਸ਼ਤਰੰਜ ਵਿਸ਼ਵ ਕੱਪ ਵਿਚ ਵਿਸ਼ਵ ਨੰਬਰ-3 ਚੀਨ ਦੇ ਡਿੰਗ ਲੀਰੇਨ ਨੇ ਹਮਵਤਨ ਯੂ ਯਾਂਗਯੀ ਨੂੰ ਸੈਮੀਫਾਈਨਲ ਦੇ ਟਾਈਬ੍ਰੇਕ ਰੈਪਿਡ ਮੁਕਾਬਲਿਆਂ ਵਿਚ ਹਰਾਉਂਦਿਆਂ 2.5-1.5 ਨਾਲ ਜਿੱਤ ਦਰਜ ਕਰ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ ਤੇ ਹੁਣ ਉਹ ਅਜ਼ਰਬੈਜਾਨ ਦੇ ਵਿਸ਼ਵ ਨੰਬਰ-10 ਤੈਮੂਰ ਰਾਦਜਾਬੋਵ ਨਾਲ ਮੁਕਾਬਲਾ ਖੇਡੇਗਾ।
ਡਿੰਗ ਨੇ ਯਾਂਗਯੀ ਨੂੰ 2 ਰੈਪਿਡ ਦੇ ਟਾਈਬ੍ਰੇਕ ਵਿਚ ਹਰਾਇਆ। ਦੋਵਾਂ ਵਿਚਾਲੇ ਖੇਡਿਆ ਗਿਆ ਪਹਿਲਾ ਮੁਕਾਬਲਾ ਡਰਾਅ ਰਿਹਾ। ਇਸ ਮੁਕਾਬਲੇ ਵਿਚ ਯਾਂਗਯੀ ਕਾਲੇ ਮੋਹਰਿਆਂ ਨਾਲ ਖੇਡ ਰਹੇ ਡਿੰਗ 'ਤੇ ਦਬਾਅ ਬਣਾਉਣ ਵਿਚ ਅਸਮਰਥ ਰਿਹਾ ਤੇ ਦੋਵਾਂ ਵਿਚਾਲੇ ਮੁਕਾਬਲਾ 31 ਚਾਲਾਂ ਵਿਚ ਡਰਾਅ ਰਿਹਾ।
ਦੂਜੇ ਰੈਪਿਡ ਵਿਚ ਸਫੈਦ ਮੋਹਰਿਆਂ ਨਾਲ ਖੇਡ ਰਹੇ ਡਿੰਗ ਨੇ ਇੰਗਲਿਸ਼ ਓਪਨਿੰਗ ਵਿਚ ਸ਼ੁਰੂਆਤ ਤੋਂ ਹੀ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਤੇਜ਼ੀ ਨਾਲ ਰਾਜਾ ਦੇ ਉੱਪਰ ਹਮਲਾ ਕਰਦਿਆਂ ਯੂ ਯਾਂਗਯੀ ਨੂੰ ਦਬਾਅ ਵਿਚ ਲਿਆ ਦਿੱਤਾ। ਅੰਤ ਉਸ ਤੋਂ ਗਲਤੀਆਂ ਹੋਈਆਂ ਤੇ ਫਾਇਦਾ ਚੁੱਕ ਕੇ ਡਿੰਗ ਨੇ 43 ਚਾਲਾਂ ਵਿਚ ਜਿੱਤ ਦਰਜ ਕਰ ਲਈ।