''''Aura ਖ਼ਤਮ ਹੋ ਗਿਐ..!'''', ਸਾਬਕਾ ਧਾਕੜ ਨੇ SA ਹੱਥੋਂ Whitewash ਮਗਰੋਂ ਭਾਰਤੀ ਟੀਮ ''ਤੇ ਚੁੱਕੇ ''ਗੰਭੀਰ'' ਸਵਾਲ

Thursday, Nov 27, 2025 - 10:20 AM (IST)

''''Aura ਖ਼ਤਮ ਹੋ ਗਿਐ..!'''', ਸਾਬਕਾ ਧਾਕੜ ਨੇ SA ਹੱਥੋਂ Whitewash ਮਗਰੋਂ ਭਾਰਤੀ ਟੀਮ ''ਤੇ ਚੁੱਕੇ ''ਗੰਭੀਰ'' ਸਵਾਲ

ਸਪੋਰਟਸ ਡੈਸਕ- ਗੁਹਾਟੀ 'ਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਦੂਜੇ ਟੈਸਟ ਮੈਚ 'ਚ ਭਾਰਤ ਨੂੰ 408 ਦੌੜਾਂ ਨਾਲ ਸਭ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਰਾਰੀ ਹਾਰ ਨਾਲ ਭਾਰਤੀ ਟੀਮ ਨੇ 2 ਮੈਚਾਂ ਦੀ ਲੜੀ ਵੀ 2-0 ਨਾਲ ਗੁਆ ਲਈ ਹੈ, ਜਿਸ ਮਗਰੋਂ ਟੀਮ ਮੈਨੇਜਮੈਂਟ ਬਾਰੇ ਤਿੱਖੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਇਸੇ ਦੌਰਾਨ ਭਾਰਤੀ ਟੀਮ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਦੱਖਣੀ ਅਫ਼ਰੀਕਾ ਹੱਥੋਂ ਟੈਸਟ ਸੀਰੀਜ਼ ਵਿੱਚ 2-0 ਦੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਟੈਸਟ ਟੀਮ ਦੇ ਹਾਲੀਆ ਪ੍ਰਦਰਸ਼ਨ 'ਤੇ ਖੁੱਲ੍ਹ ਕੇ ਆਲੋਚਨਾ ਕੀਤੀ ਹੈ। ਕਾਰਤਿਕ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤ ਦੇ ਲੰਬੇ ਸਮੇਂ ਤੋਂ ਚੱਲ ਰਹੇ ਘਰੇਲੂ ਦਬਦਬੇ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਟੀਮ ਦਾ 'ਔਰਾ' ਖਤਮ ਹੋ ਗਿਆ ਹੈ।

ਬੁੱਧਵਾਰ ਨੂੰ ਇੱਕ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕਰਦੇ ਹੋਏ, ਕਾਰਤਿਕ ਨੇ ਘਰੇਲੂ ਮੈਦਾਨ 'ਤੇ ਭਾਰਤ ਦੇ ਫਾਇਦੇ ਬਾਰੇ ਬਦਲਦੇ ਵਿਚਾਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, “ਟੀਮਾਂ ਪਹਿਲਾਂ ਭਾਰਤ ਆ ਕੇ ਟੈਸਟ ਕ੍ਰਿਕਟ ਖੇਡਣ ਤੋਂ ਡਰਦੀਆਂ ਸਨ। ਹੁਣ ਉਹ ਇੱਥੇ ਖੇਡਣ ਲਈ ਉਤਸੁਕ ਹੋ ਰਹੀਆਂ ਹੋਣਗੀਆਂ।”

ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਹ 12 ਮਹੀਨਿਆਂ ਦੇ ਅੰਦਰ ਭਾਰਤ ਦੀ ਦੂਜੀ ਘਰੇਲੂ ਸੀਰੀਜ਼ ਵ੍ਹਾਈਟਵਾਸ਼ ਹੈ ਅਤੇ ਭਾਰਤ ਵਿੱਚ ਖੇਡੀਆਂ ਗਈਆਂ ਆਖਰੀ ਤਿੰਨ ਸੀਰੀਜ਼ਾਂ ਵਿੱਚੋਂ ਦੋ ਵ੍ਹਾਈਟਵਾਸ਼ ਹੋਈਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਟੈਸਟ ਕ੍ਰਿਕਟ ਲਈ ਇਹ ਔਖਾ ਸਮਾਂ ਹੈ, ਅਤੇ 'ਸਖ਼ਤ ਫ਼ੈਸਲੇ' ਲੈਣੇ ਪੈ ਸਕਦੇ ਹਨ।

ਕਾਰਤਿਕ ਨੇ ਅੱਗੇ ਕਿਹਾ ਕਿ ਇਹ ਮਸਲਾ ਸਿਰਫ ਇੱਕ ਸੀਰੀਜ਼ ਤੱਕ ਸੀਮਤ ਨਹੀਂ ਹਨ। ਭਾਰਤੀ ਪੇਸਰਾਂ ਤੇ ਸਪਿਨਰ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਤੇ ਟੀਮ ਵਿੱਚ ਬਹੁਤ ਜ਼ਿਆਦਾ ਆਲ-ਰਾਊਂਡਰ ਖਿਡਾਰੀਆਂ ਨੂੰ ਖਿਡਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪੇਸ ਆਲ-ਰਾਊਂਡਰ ਨਿਤੀਸ਼ ਰੈੱਡੀ ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੇ ਪੂਰੇ ਘਰੇਲੂ ਕੈਲੰਡਰ ਸੀਜ਼ਨ ਦੌਰਾਨ ਸਿਰਫ਼ 14 ਓਵਰ ਹੀ ਗੇਂਦਬਾਜ਼ੀ ਕੀਤੀ ਹੈ। ਭਾਰਤ ਦੇ ਸਿਰਫ਼ ਦੋ ਖਿਡਾਰੀਆਂ ਨੇ ਇਸ ਟੈਸਟ ਸੀਰੀਜ਼ ਵਿੱਚ ਸੈਂਕੜੇ ਬਣਾਏ, ਜਦੋਂ ਕਿ ਦੱਖਣੀ ਅਫ਼ਰੀਕਾ ਦੇ ਸੱਤ ਖਿਡਾਰੀਆਂ ਨੇ ਸੈਂਕੜੇ ਜੜੇ ਹਨ।

ਕਾਰਤਿਕ ਨੇ ਭਾਰਤ ਦੇ 3 ਨੰਬਰ ਬੱਲੇਬਾਜ਼ੀ ਸਥਾਨ 'ਤੇ ਨਿਰੰਤਰਤਾ (consistency) ਦੀ ਘਾਟ 'ਤੇ ਵੀ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੋਟ ਕੀਤਾ ਕਿ ਇਸ ਸਥਾਨ 'ਤੇ ਖਿਡਾਰੀ ਲਗਾਤਾਰ ਬਦਲੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ 'ਲਗਾਤਾਰ ਬਦਲਾਅ' ਟੀਮ ਲਈ ਚੰਗਾ ਨਹੀਂ ਹੈ।

ਉਨ੍ਹਾਂ ਸਵਾਲ ਕੀਤਾ, "ਕੌਣ ਹੈ ਸਾਡਾ ਨੰਬਰ 3 ? ਕੋਲਕਾਤਾ ਵਿੱਚ ਵਾਸ਼ਿੰਗਟਨ ਨੰਬਰ 3 'ਤੇ ਖੇਡਿਆ, ਗੁਹਾਟੀ ਵਿੱਚ ਸਾਈ ਸੁਦਰਸ਼ਨ ਨੰਬਰ 3 'ਤੇ ਖੇਡਿਆ। ਕੀ ਇਹ ਬਦਲਾਅ ਭਾਰਤ ਦੀ ਮਦਦ ਕਰ ਰਿਹਾ ਹੈ ਜਾਂ ਸਾਨੂੰ ਵਧੇਰੇ ਸਥਿਰਤਾ ਅਤੇ ਨਿਰੰਤਰਤਾ ਦੀ ਲੋੜ ਹੈ ?”। ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਵਿੱਚ, ਭਾਰਤ ਦੇ ਨੰਬਰ 3 ਬੱਲੇਬਾਜ਼ ਦਾ ਪਹਿਲੀ ਪਾਰੀ ਵਿੱਚ ਔਸਤ ਸਿਰਫ 26 ਹੈ, ਜੋ ਦੂਜਾ ਸਭ ਤੋਂ ਖਰਾਬ ਰਿਕਾਰਡ ਹੈ।

ਕਾਰਤਿਕ ਨੇ ਅੱਗੇ ਸਵਾਲ ਕੀਤਾ ਕਿ ਕੀ ਟੀਮ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰੇਗੀ ਜਾਂ ਕੀ ਉਹ ਇਨ੍ਹਾਂ ਨੂੰ ਭੁੱਲਣ ਦੇਵੇਗੀ, ਕਿਉਂਕਿ ਅਗਲਾ ਟੈਸਟ ਮੈਚ 7 ਮਹੀਨਿਆਂ ਬਾਅਦ ਹੈ। ਉਨ੍ਹਾਂ ਨੇ ਪੁੱਛਿਆ ਕਿ ਟੀਮ ਨੂੰ ਆਪਣਾ ਪਹਿਲਾ ਵਾਲਾ ਦਬਦਬਾ ਮੁੜ ਹਾਸਲ ਕਰਨ ਲਈ ਕੀ ਕਰਨਾ ਪਵੇਗਾ ਤਾਂ ਜੋ ਭਾਰਤੀ ਟੀਮ ਇਸ ਹਾਲਾਤ ਤੋਂ ਉਭਰ ਸਕੇ ਤੇ ਦੁਨੀਆ ਦੀਆਂ ਚੋਟੀ ਦੀਆਂ ਕ੍ਰਿਕਟ ਟੀਮਾਂ ਨੂੰ ਸਖ਼ਤ ਟੱਕਰ ਦੇ ਸਕੇ।


author

Harpreet SIngh

Content Editor

Related News