ਗੈਰੀ ਕਰਸਟਨ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਵਿਚਾਲੇ ਮਤਭੇਦ, ਲੈ ਸਕਦੇ ਨੇ ਵੱਡਾ ਫੈਸਲਾ
Monday, Oct 28, 2024 - 01:26 PM (IST)
ਕਰਾਚੀ : ਪਾਕਿਸਤਾਨ ਦੀ ਸੀਮਤ ਓਵਰਾਂ ਦੀ ਟੀਮ ਦੇ ਮੁੱਖ ਕੋਚ ਗੈਰੀ ਕਰਸਟਨ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਅਧਿਕਾਰੀਆਂ ਨਾਲ ਮਤਭੇਦਾਂ ਕਾਰਨ ਆਪਣੀ ਨਿਯੁਕਤੀ ਦੇ ਛੇ ਮਹੀਨਿਆਂ ਦੇ ਅੰਦਰ ਅਹੁਦਾ ਛੱਡਣ ਲਈ ਤਿਆਰ ਹਨ। ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਗਿਆ ਹੈ।
56 ਸਾਲਾ ਕਰਸਟਨ, ਜੋ ਭਾਰਤ ਦੀ 2011 ਵਨਡੇ ਵਿਸ਼ਵ ਕੱਪ ਚੈਂਪੀਅਨ ਟੀਮ ਦੇ ਕੋਚ ਸਨ, ਨੂੰ ਇਸ ਸਾਲ ਅਪ੍ਰੈਲ ਦੇ ਅਖੀਰ ਵਿੱਚ ਪੀਸੀਬੀ ਨੇ ਮੁੱਖ ਕੋਚ ਵਜੋਂ ਨਿਯੁਕਤ ਕੀਤਾ ਸੀ। ਰਿਪੋਰਟ ਮੁਤਾਬਕ ਪਾਕਿਸਤਾਨ ਟੈਸਟ ਟੀਮ ਦੇ ਕੋਚ ਜੇਸਨ ਗਿਲੇਸਪੀ ਅਤੇ ਪੀਸੀਬੀ ਨਾਲ ਮਤਭੇਦਾਂ ਕਾਰਨ ਕਰਸਟਨ ਆਪਣਾ ਅਹੁਦਾ ਛੱਡ ਰਹੇ ਹਨ। ਇਸ ਤੋਂ ਪਹਿਲਾਂ ਪੀਸੀਬੀ ਨੇ ਟੀਮ ਦੀ ਚੋਣ ਨਾਲ ਜੁੜੇ ਆਪਣੇ ਅਧਿਕਾਰ ਵਾਪਸ ਲੈ ਲਏ ਸਨ, ਜਿਸ ਨੂੰ ਮਤਭੇਦਾਂ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਟੀਮ ਦੀ ਚੋਣ ਕਰਨਾ ਹੁਣ ਸਿਰਫ਼ ਚੋਣ ਕਮੇਟੀ ਦਾ ਅਧਿਕਾਰ ਹੈ।
ਦੱਖਣੀ ਅਫ਼ਰੀਕਾ ਦਾ ਸਾਬਕਾ ਬੱਲੇਬਾਜ਼ ਪਾਕਿਸਤਾਨ ਟੀਮ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ ਦੀ ਫਰੈਂਚਾਈਜ਼ੀ ਗੁਜਰਾਤ ਟਾਈਟਨਜ਼ ਨਾਲ ਬੱਲੇਬਾਜ਼ੀ ਕੋਚ ਵਜੋਂ ਕੰਮ ਕਰ ਰਿਹਾ ਸੀ। ਪਾਕਿਸਤਾਨ ਦੀ ਸੀਮਤ ਓਵਰਾਂ ਦੀ ਟੀਮ ਅਗਲੇ ਹਫਤੇ ਆਸਟਰੇਲੀਆ ਦਾ ਦੌਰਾ ਕਰਨ ਵਾਲੀ ਹੈ। ਉਸ ਦੀ ਟੈਸਟ ਟੀਮ ਨੇ ਹਾਲ ਹੀ ਵਿੱਚ ਸਮਾਪਤ ਹੋਈ ਤਿੰਨ ਮੈਚਾਂ ਦੀ ਲੜੀ ਵਿੱਚ ਇੰਗਲੈਂਡ ਨੂੰ 2-1 ਨਾਲ ਹਰਾਇਆ ਸੀ।