ਮਾਰਾਡੋਨਾ ਦੀ ਮੌਤ ਦੀ ਅਫਵਾਹ ਫੈਲਾਉਣ ਵਾਲੇ ਦੀ ਪਛਾਣ ਦੱਸਣ ਵਾਲੇ ਨੂੰ ਮਿਲੇਗਾ ਇਨਾਮ
Friday, Jun 29, 2018 - 11:10 AM (IST)
ਬਿਊਨਸ ਆਇਰਸ— ਡਿਏਗੋ ਮਾਰਾਡੋਨਾ ਦੇ ਵਕੀਲ ਨੇ ਕਿਹਾ ਕਿ ਇਸ ਅਰਜਨਟੀਨੀ ਦਿੱਗਜ ਫੁੱਟਬਾਲਰ ਨੇ ਉਸ ਰਿਪੋਰਟ ਦੇ ਉਸ ਸੂਤਰ ਨੂੰ ਪਛਾਨਣ ਲਈ 10,000 ਡਾਲਰ ਦੀ ਪੇਸ਼ਕਸ਼ ਕੀਤੀ ਹੈ ਜਿਸ 'ਚ ਕਿਹਾ ਗਿਆ ਸੀ ਕਿ ਨਾਈਜੀਰੀਆ ਦੇ ਖਿਲਾਫ ਅਰਜਨਟੀਨਾ ਦੇ ਫੁੱਟਬਾਲ ਵਿਸ਼ਵ ਕੱਪ ਮੈਚ ਦੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਇਹ ਰਿਪੋਰਟ ਵਟਸਐਸ ਦੇ 'ਵਾਈਸ ਮੈਸੇਜ' ਰਾਹੀਂ ਫੈਲੀ ਜਿਸ 'ਚ ਅਰਜਨਟੀਨੀ ਲਹਿਜ਼ੇ 'ਚ ਇਕ ਵਿਅਕੀ ਦੱਸ ਰਿਹਾ ਸੀ ਕਿ ਇਸ 57 ਸਾਲਾ ਸਟਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਮਾਰਾਡੋਨਾ ਦੇ ਵਕੀਲ ਮਾਟੀਆਸ ਮੋਰਲਾ ਨੇ ਰੂਸ ਤੋਂ ਅਰਜਨਟੀਨਾ ਦੇ ਇਕ ਅਖਬਾਰ ਨੂੰ ਕਿਹਾ, ''ਮੈਂ ਉਸ ਵਿਅਕਤੀ ਨੂੰ 300,000 ਪੇਸੋਸ (ਕਰੀਬ 10,000 ਡਾਲਰ) ਦਾ ਇਨਾਮ ਦੇਣ ਦੇ ਫੈਸਲੇ ਨੂੰ ਜਨਤਕ ਕਰਨ ਦੇ ਨਿਰਦੇਸ਼ ਦਿੱਤੇ ਹਨ ਜੋ ਇਸ ਆਡੀਓ ਮੈਸੇਜ ਨੂੰ ਕਰਨ ਵਾਲੇ ਵਿਅਕਤੀ ਦੇ ਬਾਰੇ ਸਹੀ ਅਤੇ ਸਟੀਕ ਸੂਚਨਾ ਮੁਹੱਈਆ ਕਰਵਾਏਗਾ।'' ਮਾਰਾਡੋਨਾ ਮੈਚ ਦੇ ਅੰਤ ਤੱਕ ਬੀਮਾਰ ਦਿਸ ਰਹੇ ਸਨ ਅਤੇ ਉਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਸੀਟ 'ਤੇ ਲਿਜਾਇਆ ਗਿਆ। ਮੋਰਲਾ ਨੇ ਕਿਹਾ ਕਿ ਮਾਰਾਡੋਨਾ ਨੂੰ ਹਾਈ ਬਲੱਡਪ੍ਰੈਸ਼ਰ ਸਬੰਧੀ ਸਮੱਸਿਆ ਹੋਈ ਸੀ।
