ਨਵੇਂ ਚੋਣਕਾਰਾਂ ਨੇ ਕੀਤਾ ਸਾਫ, ਟੀਮ ਇੰਡੀਆ ''ਚ ਵਾਪਸੀ ਲਈ ਧੋਨੀ ਕੋਲ ਹੈ ਸਿਰਫ ਇਕ ਹੀ ਰਾਹ!
Monday, Mar 09, 2020 - 04:16 PM (IST)
ਨਵੀਂ ਦਿੱਲੀ : ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਭਾਰਤੀ ਟੀਮ ਦੇ ਲਈ ਵਰਲਡ ਕੱਪ 2019 ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਸਾਰਿਆਂ ਨੂੰ ਉਮੀਦ ਸੀ ਕਿ ਉਹ ਵਰਲਡ ਕੱਪ ਤੋਂ ਬਾਅਦ ਸੰਨਿਆਸ ਲੈਣਗੇ ਪਰ ਹੁਣ ਤਕ ਧੋਨੀ ਨੇ ਆਪਣੇ ਸੰਨਿਆਸ ਦਾ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਹਾਲਾਂਕਿ ਉਹ ਵਰਲਡ ਕੱਪ ਦੇ ਬਾਅਦ ਤੋਂ ਕੌਮਾਂਤਰੀ ਕ੍ਰਿਕਟ ਖੇਡ ਵੀ ਨਹੀਂ ਰਹੇ। ਹੁਣ ਇਸ ਵਿਚਾਲੇ ਉਸ ਦੀ ਵਾਪਸੀ ਨੂੰ ਲੈ ਕੇ ਇਕ ਵੱਡੀ ਅਪਡੇਟ ਆਈ ਹੈ।
ਧੋਨੀ ਨੂੰ ਲੈ ਕੇ ਨਵੇਂ ਚੋਣਕਾਰ ਸੁਨੀਲ ਜੋਸ਼ੀ ਦੀ ਸੋਚ
ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨੂੰ ਲੈ ਕੇ ਨਵੀਂ ਚੋਣ ਕਮੇਟੀ ਦੀ ਵੀ ਉਹੀ ਸੋਚ ਹੈ ਜੋ ਸਾਬਕਾ ਚੀਫ ਸਿਲੈਕਟਰ ਐੱਮ. ਐੱਸ. ਕੇ. ਪ੍ਰਸ਼ਾਦ ਦੀ ਸੀ। ਪ੍ਰਸ਼ਾਦ ਨੇ ਇਸ ਸਾਲ ਜਨਵਰੀ ਵਿਚ ਕਿਹਾ ਸੀ ਕਿ ਧੋਨੀ ਦੀ ਟੀਮ ਇੰਡੀਆ ਵਿਚ ਵਾਪਸੀ ਤਦ ਹੋਵੇਗੀ ਜਦੋਂ ਉਹ ਆਈ. ਪੀ. ਐੱਲ. ਵਿਚ ਚੰਗਾ ਪ੍ਰਦਰਸ਼ਨ ਕਰਨਗੇ। ਸੂਤਰਾਂ ਮੁਤਾਬਕ ਨਵੇਂ ਚੀਫ ਸਿਲੈਕਟਰ ਸੁਨੀਲ ਜੋਸ਼ੀ ਨੇ ਵੀ ਧੋਨੀ ਨੂੰ ਲੈ ਕੇ ਇਹੀ ਰਾਏ ਰੱਖੀ ਹੈ। ਦੱਖਣੀ ਅਫਰੀਕਾ ਖਿਲਾਫ ਵਨ ਡੇ ਸੀਰੀਜ਼ ਲਈ ਜਦੋਂ ਐਤਵਾਰ ਨੂੰ ਸਿਲੈਕਸ਼ਨ ਕਮੇਟੀ ਦੀ ਬੈਠਕ ਹੋਈ ਤਾਂ ਉਸ ਵਿਚ ਕਮੇਟੀ ਨੇ ਧੋਨੀ ਨੂੰ ਲੈ ਕੇ ਰਸਮੀ ਚਰਚਾ ਤਾਂ ਨਹੀਂ ਕੀਤੀ ਪਰ ਇਹ ਤੈਅ ਕਰ ਦਿੱਤਾ ਕਿ ਉਸ ਦੇ ਨਾਂ 'ਤੇ ਤਦ ਵਿਚਾਰ ਕੀਤਾ ਜਾਵੇਗਾ ਜਦੋਂ ਉਹ ਆਈ. ਪੀ. ਐੱਲ. ਵਿਚ ਚੰਗਾ ਪ੍ਰਦਰਸ਼ਨ ਕਰਨਗੇ।
ਆਈ. ਪੀ. ਐੱਲ. ਵਿਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਹੋਵੇਗੀ ਧੋਨੀ ਦੀ ਵਾਪਸੀ
ਬੀ. ਸੀ. ਸੀ. ਆਈ. ਸੂਤਰਾਂ ਨੇ ਆਪਣੇ ਬਿਆਨ 'ਚ ਕਿਹਾ, ''ਇਸ ਸਾਲ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੀ-20 ਵਰਲਡ ਕੱਪ ਲਈ ਜਦੋਂ ਟੀਮ ਇੰਡੀਆ ਦੀ ਚੋਣ ਕੀਤੀ ਜਾਵੇਗੀ ਤਦ ਆਈ. ਪੀ. ਐੱਲ. ਤੋਂ ਬਾਅਦ ਹੋਏ ਟੂਰਨਾਮੈਂਟ ਦੇ ਪ੍ਰਦਰਸ਼ਨ 'ਤੇ ਵੀ ਚੋਣ ਕਮੇਟੀ ਦੀ ਨਜ਼ਰ ਰਹੇਗੀ। ਇਸ ਟੂਰਨਾਮੈਂਟ ਵਿਚ ਚੰਗਾ ਖੇਡਣ ਵਾਲਿਆਂ ਦਾ ਪਲੜਾ ਭਾਰਾ ਰਹੇਗਾ। ਧੋਨੀ ਵੀ ਤਦ ਵਾਪਸੀ ਕਰਨਗੇ ਜਦੋਂ ਉਸ ਦੇ ਕੋਲ ਚੰਗਾ ਆਈ. ਪੀ. ਐੱਲ. ਹੋਵੇਗਾ। ਉਹ ਹੀ ਕਿਉਂ ਹੋਰ ਸੀਨੀਅਰ ਅਤੇ ਨੌਜਵਾਨ ਖਿਡਾਰੀ ਵੀ ਜੇਕਰ ਆਈ. ਪੀ. ਐੱਲ. ਵਿਚ ਚੰਗਾ ਪ੍ਰਦਰਸ਼ਨ ਕਰਨਗੇ ਤਾਂ ਉਨ੍ਹਾਂ ਨੂੰ ਟੀਮ ਇੰਡੀਆ ਵਿਚ ਜਗ੍ਹਾ ਹਾਸਲ ਕਰਨ ਦਾ ਹੱਕਦਾਰ ਮੰਨਿਆ ਜਾਵੇਗਾ।
ਦੱਸ ਦਈਏ ਕਿ ਮਹਿੰਦਰ ਸਿੰਘ ਧੋਨੀ ਨੇ ਬੰਗਲਾਦੇਸ਼ ਖਿਲਾਫ 23 ਦਸੰਬਰ 2004 ਵਿਚ ਆਪਣਾ ਡੈਬਿਊ ਕੀਤਾ ਸੀ। ਉਹ ਭਾਰਤ ਦੇ ਲਈ ਟੈਸਟ ਵਿਚ 90 ਮੈਚ, ਵਨ ਡੇ ਵਿਚ 350 ਮੈਚ ਅਤੇ ਟੀ-20 ਵਿਚ 98 ਮੈਚ ਖੇਡ ਚੁੱਕੇ ਹਨ। ਧੋਨੀ ਨੇ 90 ਟੈਸਟ ਮੈਚਾਂ ਵਿਚ 38.09 ਦੀ ਔਸਤ ਨਾਲ 4876 ਦੌੜਾਂ ਬਣਾਈਆਂ। ਉੱਥੇ ਹੀ 350 ਵਨ ਡੇ ਵਿਚ ਉਸ ਨੇ 50.6 ਦੀ ਔਸਤ ਨਾਲ 10773 ਦੌੜਾਂ ਬਣਾਈਆਂ ਜਦਕਿ 98 ਟੀ-20 ਕੌਮਾਂਤਰੀ ਕਰੀਅਰ ਵਿਚ ਉਸ ਨੇ 37.60 ਦੀ ਔਸਤ ਨਾਲ 1617 ਦੌੜਾਂ ਬਣਾਈਆਂ ਹਨ। ਦੱਸਣਯੋਗ ਹੈ ਕਿ ਧੋਨੀ ਦੀ ਹੀ ਕਪਤਾਨੀ ਵਿਚ ਭਾਰਤ ਨੇ 2011 ਵਨ ਡੇ ਅਤੇ 2007 ਵਿਚ ਟੀ-20 ਵਰਲਡ ਕੱਪ ਜਿੱਤਿਆ ਸੀ।