ਧੋਨੀ ਦੀ ਹੇਅਰ ਸਟਾਈਲਿਸਟ ਜਾਣਾ ਚਾਹੁੰਦੀ ਹੈ ਪਾਕਿ, ਇਮਰਾਨ ਖਾਨ ਤੋਂ ਮੰਗੀ ਮਦਦ
Saturday, Jul 27, 2019 - 04:05 AM (IST)

ਨਵੀਂ ਦਿੱਲੀ - ਮਹਿੰਦਰ ਸਿੰਘ ਧੋਨੀ ਦੀ ਹੇਅਰ ਸਟਾਈਲਿਸਟ ਸਪਨਾ ਭਾਵਨਾਨੀ ਪਾਕਿਸਤਾਨ ਜਾਣਾ ਚਾਹੁੰਦੀ ਹੈ। ਸਪਨਾ ਨੇ ਇਸ ਦੇ ਲਈ ਇਕ ਟਵੀਟ ਕਰ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਇਜਾਜ਼ਤ ਮੰਗੀ ਹੈ। ਦਰਅਸਲ, ਸਪਨਾ ਇਕ ਡਾਕੂਮੈਂਟਰੀ ਬਣਾਉਣਾ ਚਾਹੁੰਦੀ ਹੈ, ਇਸ ਲਈ ਉਸ ਨੇ ਪੀ. ਐੱਮ. ਇਮਰਾਨ ਨੂੰ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਸਪਨਾ ਨੇ ਲਿਖਿਆ, ''ਇਮਰਾਨ ਖਾਨ ਸਰ, ਮੈਂ ਇਕ ਭਾਰਤੀ ਡਾਕੂਮੈਂਟਰੀ ਫਿਲਮਕਾਰ ਹਾਂ ਤੇ ਮੈਂ ਸਿੰਧ ਅਤੇ 'ਸਿੰਧੁਸਤਾਨ' ਨਾਮੀ ਇਕ ਡਾਕੂਮੈਂਟਰੀ ਬਣਾਈ ਹੈ। ਸਿੰਧ ਲਈ ਮੇਰਾ ਵੀਜ਼ਾ ਦੋ ਵਾਰ ਨਾਮਨਜ਼ੂਰ ਕੀਤਾ ਜਾ ਚੁੱਕਾ ਹੈ ਪਰ ਮੈਂ ਸੁਣਿਆ ਹੈ ਕਿ ਤੁਸੀਂ ਵੱਖਰੀ ਤਰ੍ਹਾਂ ਦੀ ਸ਼ਖਸੀਅਤ ਹੋ ਤੇ ਤੁਸੀਂ ਸ਼ਾਂਤੀ ਚਾਹੁੰਦੇ ਹੋ, ਤਾਂ ਕੀ ਤੁਸੀਂ ਕ੍ਰਿਪਾ ਕਰਕੇ ਮੈਨੂੰ ਅਤੇ ਮੇਰੀ ਫਿਲਮ ਨੂੰ ਸਿੰਧ ਲਈ ਸੱਦਾ ਭੇਜ ਸਕਦੇ ਹੋ, ਇਹ ਮੇਰਾ ਸੁਪਨਾ ਹੈ।''
ਸਪਨਾ ਸਭ ਤੋਂ ਪਹਿਲਾਂ ਉਦੋਂ ਚਰਚਾ ਵਿਚ ਆਈ ਸੀ, ਜਦੋਂ ਉਸ ਨੇ ਮਹਿੰਦਰ ਸਿੰਘ ਧੋਨੀ ਦੇ ਲੰਬੇ ਵਾਲਾਂ ਦਾ ਸਟਾਈਲ ਬਣਾਇਆ ਸੀ। ਇਸ ਤੋਂ ਬਾਅਦ ਧੋਨੀ ਲਗਾਤਾਰ ਉਸ ਤੋਂ ਸਟਾਈਲਿੰਗ ਕਰਵਾਉਂਦਾ ਰਿਹਾ। ਸਪਨਾ ਜਦੋਂ 18 ਸਾਲ ਦੀ ਸੀ, ਉਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਉਹ ਇਸ ਤੋਂ ਬਾਅਦ ਆਪਣੇ ਇਕ ਰਿਸ਼ਤੇਦਾਰ ਨਾਲ ਅਮਰੀਕਾ ਚਲੀ ਗਈ ਸੀ। ਉਥੋਂ ਪਰਤ ਕੇ ਉਸ ਨੇ ਸੈਲੂਨ ਦਾ ਕੰਮ ਸ਼ੁਰੂ ਕਰ ਦਿੱਤਾ।
ਸਪਨਾ ਸਿਰਫ ਸਟਾਈਲਿਸਟ ਹੀ ਨਹੀਂ ਸਗੋਂ ਫਿਲਮਾਂ ਤੇ ਰਿਐਲਿਟੀ ਸ਼ੋਅਜ਼ ਵਿਚ ਵੀ ਹਿੱਸਾ ਲੈ ਚੁੱਕੀ ਹੈ। ਸਪਨਾ ਨੇ ਬਿੱਗ ਬੌਸ-6 ਵਿਚ ਵੀ ਹਿੱਸਾ ਲਿਆ ਸੀ। ਆਪਣੀ ਬੇਬਾਕੀ ਲਈ ਮਸ਼ਹੂਰ ਸਪਨਾ ਉਸ ਸਮੇਂ ਸ਼ੋਅ ਦੇ ਹੋਸਟ ਸਲਮਾਨ ਖਾਨ ਨਾਲ ਭਿੜ ਜਾਂਦੀ ਸੀ। ਉਹ ਬਿੱਗ ਬੌਸ ਦੇ ਫਾਈਨਲ ਤਕ ਪਹੁੰਚੀ ਸੀ ਪਰ ਜਿੱਤ ਨਹੀਂ ਸਕੀ ਸੀ।