ਧੀਰਜ ਦੀ ਫਾਰਮ ਸ਼ਾਨਦਾਰ, ਇਸ ਵਾਰ ਬਿਹਤਰ ਪ੍ਰਦਰਸ਼ਨ ਕਰ ਸਕਦੇ ਨੇ ਭਾਰਤੀ ਤੀਰਅੰਦਾਜ਼ : ਡੋਲਾ ਬੈਨਰਜੀ

Thursday, Sep 17, 2026 - 10:33 AM (IST)

ਧੀਰਜ ਦੀ ਫਾਰਮ ਸ਼ਾਨਦਾਰ, ਇਸ ਵਾਰ ਬਿਹਤਰ ਪ੍ਰਦਰਸ਼ਨ ਕਰ ਸਕਦੇ ਨੇ ਭਾਰਤੀ ਤੀਰਅੰਦਾਜ਼ : ਡੋਲਾ ਬੈਨਰਜੀ

ਕੋਲਕਾਤਾ- ਤੀਰਅੰਦਾਜ਼ੀ ਵਿਸ਼ਵ ਕੱਪ ਫਾਈਨਲ ’ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਤੀਰਅੰਦਾਜ਼ ਡੋਲਾ ਬੈਨਰਜੀ ਨੇ 19 ਸਾਲ ਬਾਅਦ ਧੀਰਜ ਬੋਮਾਦੇਵਰਾ ਦੇ ਇਹ ਉਪਲਬਧੀ ਹਾਸਲ ਕਰਨ ’ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਸ ਨਾਲ ਏਸ਼ੀਆਈ ਖੇਡਾਂ ’ਚ ਭਾਰਤੀ ਤੀਰਅੰਦਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲੇਗੀ । ਧੀਰਜ ਨੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਕੋਰੀਆ ਦੇ ਲੀ ਵੂ ਸਿਓਕ ਨੂੰ ਹਰਾ ਕੇ ਜੂਨ ’ਚ ਅੰਤਾਲਿਆ ’ਚ ਵਿਸ਼ਵ ਕੱਪ ਦੇ ਤੀਜੇ ਪੜਾਅ ’ਚ ਸੋਨ ਤਮਗਾ ਜਿੱਤਿਆ ਸੀ । ਉਸ ਨੇ ਮੈਕਸੀਕੋ ’ਚ ਐਤਵਾਰ ਨੂੰ ਸੈਸ਼ਨ ਦੇ ਆਖਰੀ ਫਾਈਨਲ ’ਚ ਇਸੇ ਲੈਅ ਨੂੰ ਕਾਇਮ ਰੱਖਦੇ ਹੋਏ ਸੋਨ ਤਮਗਾ ਆਪਣੇ ਨਾਂ ਕੀਤਾ।

ਦੁਬਈ ’ਚ 2007 ’ਚ ਵਿਸ਼ਵ ਕੱਪ ’ਚ ਸੋਨਾ ਜਿੱਤਣ ਵਾਲੀ ਡੋਲਾ ਨੇ ਕਿਹਾ,‘‘ਸੈਸ਼ਨ ਦੇ ਟਾਪ-8 ਤੀਰਅੰਦਾਜ਼ਾਂ ਨਾਲ ਖੇਡ ਕੇ ਸੋਨਾ ਜਿੱਤਣਾ ਆਸਾਨ ਨਹੀਂ ਹੈ। ਇਸ ਜਿੱਤ ਨਾਲ ਉਸ ਦਾ ਆਤਮਵਿਸ਼ਵਾਸ ਕਾਫੀ ਵਧੇਗਾ। ਉਹ ਆਪਣੇ ਕਰੀਅਰ ਦੇ ਸਰਵੋਤਮ ਦੌਰ ’ਚ ਹੈ।’’

ਪੂਰਬੀ ਰੇਲਵੇ ’ਚ ਖੇਡ ਅਧਿਕਾਰੀ ਦੇ ਤੌਰ ’ਤੇ ਤਾਇਨਾਤ ਡੋਲਾ ਨੇ ਕਿਹਾ,‘‘ ਧੀਰਜ ਪਿਛਲੇ 5-6 ਸਾਲਾਂ ਤੋਂ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਨਿਰੰਤਰਤਾ ਤੇ ਮਾਨਸਿਕ ਦ੍ਰਿੜ੍ਹਤਾ ਨਾਲ ਉਸ ਨੂੰ ਮਦਦ ਮਿਲੇਗੀ।’’

ਭਾਰਤੀ ਤੀਰਅੰਦਾਜ਼ਾਂ ਨੇ ਹਾਂਗਝੋਊ ਏਸ਼ੀਆਈ ਖੇਡਾਂ ’ਚ ਸਾਰੇ 5 ਸੋਨ ਤਮਗੇ ਜਿੱਤੇ ਸਨ ਅਤੇ ਕੁੱਲ 9 ਤਮਗੇ ਆਪਣੇ ਨਾਂ ਕੀਤੇ ਸਨ। ਇਸ ਵਾਰ ਟੀਮ ’ਚ ਦੀਪਿਕਾ ਕੁਮਾਰੀ, ਅਤਨੂ ਦਾਸ ਅਤੇ ਅਭਿਸ਼ੇਕ ਵਰਮਾ ਵਰਗੇ ਵੱਡੇ ਨਾਂ ਨਹੀਂ ਹਨ। ਉੱਥੇ ਹੀ, ਹਾਂਗਝੋਊ ’ਚ 3 ਸੋਨ ਤਮਗੇ ਜਿੱਤਣ ਵਾਲਾ ਓਜਸ ਦੇਵਤਾਲੇ ਵੀ ਟੀਮ ’ਚ ਜਗ੍ਹਾ ਨਹੀਂ ਬਣਾ ਸਕਿਆ।

ਡੋਲਾ ਨੇ ਕਿਹਾ,‘‘ਮੈਨੂੰ ਉਮੀਦ ਹੈ ਕਿ ਧੀਰਜ ਵਿਅਕਤੀਗਤ ਪ੍ਰਤੀਯੋਗਿਤਾ ’ਚ ਤਮਗਾ ਜਿੱਤੇਗਾ ਜੋ ਪਿਛਲੀ ਵਾਰ ਨਹੀਂ ਜਿੱਤ ਸਕਿਆ ਸੀ। ਜਦੋਂ ਕੋਈ ਚੰਗਾ ਖੇਡਦਾ ਹੈ ਤਾਂ ਪੂਰੀ ਟੀਮ ਨੂੰ ਪ੍ਰੇਰਣਾ ਮਿਲਦੀ ਹੈ। ਧੀਰਜ ਦੀ ਜਿੱਤ ਨਾਲ ਪੂਰੀ ਰਿਕਰਵ ਟੀਮ ਨੂੰ ਚੰਗੇ ਪ੍ਰਦਰਸ਼ਨ ਦੀ ਪ੍ਰੇਰਣਾ ਮਿਲੇਗੀ। ਮੈਨੂੰ ਲੱਗਦਾ ਹੈ ਕਿ ਪਿਛਲੀ ਵਾਰ ਤੋਂ ਜ਼ਿਆਦਾ ਤਮਗੇ ਜਿੱਤਾਂਗੇ।’’


author

Tarsem Singh

Content Editor

Related News