ਧਨੁਸ਼ ਦਾ ਵਿਸ਼ਵ ਰਿਕਾਰਡ, ਭਾਰਤ ਨੇ ਪੁਰਸ਼ ਏਅਰ ਰਾਈਫਲ ’ਚ ਤਿੰਨੇ ਤਮਗੇ ਜਿੱਤੇ
Tuesday, Sep 03, 2024 - 10:19 AM (IST)
ਨਵੀਂ ਦਿੱਲੀ– ਭਾਰਤ ਨੇ ਜਰਮਨੀ ਦੇ ਹੇਨੋਵਰ ਵਿਚ ਦੂਜੀ ਵਿਸ਼ਵ ਡੈੱਫ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਪੁਰਸ਼ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਦਬਦਬਾ ਬਣਾਇਆ ਜਦੋਂ ਧਨੁਸ਼ ਸ਼੍ਰੀਕਾਂਤ, ਸ਼ੌਰਿਆ ਸੈਣੀ ਤੇ ਮੁਹੰਮਦ ਮੁਰਤਜ਼ਾ ਵਾਨੀਆ ਨੇ ਤਿੰਨੇ ਤਮਗੇ ਦੇਸ਼ ਦੀ ਝੋਲੀ ਵਿਚ ਪਾਏ।
ਧਨੁਸ਼ ਨੇ ਇਕ ਹੀ ਦਿਨ ਵਿਚ ਦੋ ਵਿਸ਼ਵ ਰਿਕਾਰਡ ਬਣਾਏ। ਉਸ ਨੇ ਪਹਿਲਾਂ ਕੁਆਲੀਫਿਕੇਸ਼ਨ ਦੌਰ ਵਿਚ 632.7 ਦੇ ਨਾਲ ਵਿਸ਼ਵ ਰਿਕਾਰਡ ਬਣਾਇਆ ਤੇ ਫਿਰ ਫਾਈਨਲ ਵਿਚ ਵੀ 251.7 ਅੰਕਾਂ ਨਾਲ ਪਿਛਲੇ ਵਿਸ਼ਵ ਰਿਕਾਰਡ ਨੂੰ ਤੋੜਿਆ। ਸ਼ੌਰਿਆ ਨੇ ਫਾਈਨਲ ਵਿਚ 249.9 ਅੰਕਾਂ ਨਾਲ ਚਾਂਦੀ ਤਮਗਾ ਜਿੱਤਿਆ।
ਮੁਰਤਜਾ ਵਾਨੀਆ ਨੇ 226.2 ਅੰਕਾਂ ਨਾਲ ਕਾਂਸੀ ਤਮਗਾ ਆਪਣੇ ਨਾਂ ਕੀਤਾ। ਪੁਰਸ਼ ਪ੍ਰਤੀਯੋਗਿਤਾ ਤੋਂ ਇਲਾਵਾ ਮਹਿਲਾ ਵਰਗ ਵਿਚ ਵੀ ਭਾਰਤ ਨੇ ਚੰਗਾ ਪ੍ਰਦਰਸ਼ਨ ਕੀਤਾ ਜਦੋਂ ਮਾਹਿਤ ਸੰਧੂ ਤੇ ਨਤਾਸ਼ਾ ਜੋਸ਼ੀ ਨੇ ਕ੍ਰਮਵਾਰ ਚਾਂਦੀ ਤੇ ਕਾਂਸੀ ਤਮਗੇ ਜਿੱਤੇ। ਭਾਰਤ ਪ੍ਰਤੀਯੋਗਿਤਾ ਦੇ ਪਹਿਲੇ ਦਿਨ ਇਕ ਸੋਨ, ਦੋ ਚਾਂਦੀ ਤੇ ਇਕ ਕਾਂਸੀ ਸਮੇਤ ਕੁੱਲ 4 ਤਮਗੇ ਜਿੱਤ ਚੁੱਕਾ ਹੈ।