ਓਲੰਪਿਕ ਲਈ ਕੁਆਲੀਫਾਈ ਨਾ ਕਰਨ ਦੇ ਬਾਵਜੂਦ ਹਿਮਾ ਚਿੰਤਤ ਨਹੀਂ

Sunday, Jul 12, 2020 - 11:25 PM (IST)

ਓਲੰਪਿਕ ਲਈ ਕੁਆਲੀਫਾਈ ਨਾ ਕਰਨ ਦੇ ਬਾਵਜੂਦ ਹਿਮਾ ਚਿੰਤਤ ਨਹੀਂ

ਨਵੀਂ ਦਿੱਲੀ– ਫਰਾਟਾ ਦੌੜਾਕ ਹਿਮਾ ਦਾਸ ਟੋਕੀਓ ਓਲੰਪਿਕ ਲਈ ਅਜੇ ਤਕ ਕੁਆਲੀਫਾਈ ਨਾ ਕਰ ਸਕਣ ਦੇ ਬਾਵਜੂਦ ਚਿੰਤਤ ਨਹੀਂ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਕੋਵਿਡ-19 ਮਹਾਮਾਰੀ ਦੇ ਕਾਰਣ ਮੁਲਤਵੀ ਕੌਮਾਂਤਰੀ ਸੈਸ਼ਨ ਦੇ ਬਹਾਲ ਹੋਣ ਤੋਂ ਬਾਅਦ ਉਹ ਆਪਣੇ ਕਰੀਅਰ ਵਿਚ ਪਹਿਲੀ ਵਾਰ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕਰ ਸਕਦੀ ਹੈ। ਹਿਮਾ ਨੂੰ ਅਜੇ ਮੁਲਤਵੀ ਹੋਈਆਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨਾ ਹੈ ਤੇ ਕੌਮਾਂਤਰੀ ਸੈਸ਼ਨ ਵਿਸ਼ਵ ਸਿਹਤ ਸੰਕਟ ਦੇ ਕਾਰਣ 30 ਨਵੰਬਰ ਤਕ ਮੁਲਤਵੀ ਹੈ। 
400 ਮੀਟਰ ਵਿਚ ਮੌਜੂਦਾ ਜੂਨੀਅਰ ਵਿਸ਼ਵ ਚੈਂਪੀਅਨ ਹਿਮਾ ਨੇ ਕਿਹਾ,''ਮੈਂ ਓਲੰਪਿਕ ਕੁਆਲੀਫਿਕੇਸ਼ਨ ਦੇ ਬਾਰੇ ਵਿਚ ਚਿੰਤਾ ਨਹੀਂ ਕਰਦੀ, ਇਸ ਨਾਲ ਸਿਰਫ ਤਣਾਅ ਹੀ ਪੈਦਾ ਹੋਵੇਗਾ। ਓਲੰਪਿਕ ਲਈ ਅਜੇ ਇਕ ਸਾਲ ਬਾਕੀ ਹੈ।'' ਉਸ ਨੇ ਕਿਹਾ,''ਸਾਨੂੰ ਇਸ ਮਹਾਮਾਰੀ ਦੇ ਜਲਦੀ ਖਤਮ ਹੋਣ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। 1 ਦਸੰਬਰ ਤੋਂ ਐਥਲਿਟਕਸ ਸੈਸ਼ਨ ਸ਼ੁਰੂ ਹੋਵੇਗਾ ਤੇ ਓਲੰਪਿਕ ਲਈ ਕੁਆਲੀਫਾਈ ਕਰਨ ਲਈ ਅਗਲੇ ਸਾਲ ਕਾਫੀ ਸਮਾਂ ਬਚਿਆ ਹੈ।'' ਦੋ ਸਾਲ ਪਹਿਲਾਂ ਉਸ ਨੇ ਫਿਨਲੈਂਡ ਵਿਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ ਸੀ।
ਪਿੱਠ ਦੀ ਸੱਟ ਤੋਂ ਉੱਭਰ ਰਹੀ ਹਾਂ-
'ਧਿੰਗ ਐਕਸਪ੍ਰੈੱਸ' ਦੇ ਨਾਂ ਨਾਲ ਮਸ਼ਹੂਰ 20 ਸਾਲ ਦੀ ਹਿਮਾ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ। ਉਸਦਾ 400 ਮੀਟਰ ਵਿਚ ਰਾਸ਼ਟਰੀ ਰਿਕਾਰਡ (50.79 ਸੈਕੰਡ) ਹੈ। ਪਿਛਲੇ ਕੁਝ ਸਮੇਂ ਤੋਂ ਪਿੱਠ ਦੇ ਹੇਠਲੇ ਹਿੱਸੇ ਦੀ ਸੱਟ ਉਸ ਨੂੰ ਕਾਫੀ ਪ੍ਰੇਸ਼ਾਨ ਕਰ ਰਹੀ ਹੈ, ਜਿਸ ਨਾਲ ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਉਹ ਭਵਿੱਖ ਵਿਚ 400 ਮੀਟਰ ਵਿਚ ਨਹੀਂ ਦੌੜ ਸਕੇਗੀ ਤੇ ਉਸ ਨੂੰ ਸ਼ਾਇਦ 200 ਮੀਟਰ ਵਿਚ ਹੀ ਹਿੱਸਾ ਲੈਣਾ ਪਵੇਗਾ। ਇਸਦੇ ਬਾਰੇ ਵਿਚ ਪੁੱਛਣ'ਤੇ ਉਸ ਨੇ ਕਿਹਾ,''ਮੈਂ ਸੱਟ ਤੋਂ ਉੱਭਰ ਰਹੀ ਹਾਂ। ਮੇਰੇ ਕੋਚ ਤੇ ਭਾਰਤੀ ਐਥਲੈਟਿਕਸ ਮਹਾਸੰਘ ਜਿਹੜੇ ਫੈਸਲਾ ਕਰੇਗਾ, ਮੈਂ ਵੈਸੇ ਹੀ ਕਰਾਂਗੀ। ਉਹ ਫੈਸਲਾ ਕਰਨਗੇ ਕਿ ਮੈਂ ਕਿਸ ਵਿਚ ਦੌੜਾਂ।'' ਇਹ ਪੁੱਛਣ 'ਤੇ ਿਕ ਕੀ ਉਹ ਪੂਰੀ ਤਰ੍ਹਾਂ ਨਾਲ ਉੱਭਰ ਗਈ ਹੈ ਤਾਂ ਉਸ ਨੇ ਕਿਹਾ, ''ਇਹ ਪ੍ਰਕਿਰਿਆ ਵਿਚ ਹੈ ਪਰ ਮੈਂ ਆਊਟਡੋਰ ਟ੍ਰੇਨਿੰਗ ਸ਼ੁਰੂ ਕਰਨ ਲਈ ਫਿੱਟ ਹਾਂ ਤੇ ਅਸੀਂ ਅਜਿਹਾ ਪਿਛਲੇ 30-40 ਦਿਨਾਂ ਤੋਂ ਕਰ ਰਹੇ ਹਾਂ।''
 


author

Gurdeep Singh

Content Editor

Related News