ਦਿੱਲੀ ਨੇ ਆਸਾਮ ਨੂੰ 10 ਵਿਕਟਾਂ ਨਾਲ ਹਰਾਇਆ
Wednesday, Oct 30, 2024 - 01:02 PM (IST)
ਨਵੀਂ ਦਿੱਲੀ, (ਭਾਸ਼ਾ)– ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿੱਲੀ ਨੇ ਮੰਗਲਵਾਰ ਨੂੰ ਇੱਥੇ ਰਣਜੀ ਟਰਾਫੀ ਗਰੁੱਪ-ਡੀ ਮੈਚ ਦੇ ਚੌਥੇ ਤੇ ਆਖਰੀ ਦਿਨ ਆਸਾਮ ਨੂੰ 10 ਵਿਕਟਾਂ ਨਾਲ ਹਰਾ ਕੇ ਸੈਸ਼ਨ ਦੀ ਪਹਿਲੀ ਜਿੱਤ ਦਰਜ ਕੀਤੀ। ਪਹਿਲੀ ਪਾਰੀ ਵਿਚ 124 ਦੌੜਾਂ ਨਾਲ ਪਿਛੜਨ ਵਾਲੀ ਆਸਾਮ ਦੀ ਟੀਮ ਆਖਰੀ ਦਿਨ 3 ਵਿਕਟਾਂ ’ਤੇ 44 ਦੌੜਾਂ ਤੋਂ ਅੱਗੇ ਖੇਡਣ ਉਤਰੀ ਤੇ ਦੂਜੀ ਪਾਰੀ ਵਿਚ 42 ਓਵਰਾਂ ਵਿਚ 182 ਦੌੜਾਂ ’ਤੇ ਆਊਟ ਹੋ ਗਈ।
ਦੂਜੀ ਪਾਰੀ ਵਿਚ ਤੇਜ਼ ਗੇਂਦਬਾਜ਼ਾਂ ਨੇ ਆਸਾਮ ਦੀਆਂ 8 ਵਿਕਟਾਂ ਲਈਆਂ। ਸਿਧਾਂਤ ਸ਼ਰਮਾ ਨੇ 24 ਜਦਕਿ ਮਨੀ ਗਰੇਵਾਲ ਨੇ 50 ਦੌੜਾਂ ਦੇ ਕੇ 3-3 ਵਿਕਟਾਂ ਲਈਆਂ। ਹਰਸ਼ਿਤ ਰਾਣਾ ਨੇ ਵੀ 61 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਆਸਾਮ ਨੇ ਮੰਗਲਵਾਰ ਨੂੰ 138 ਦੌੜਾਂ ਜੋੜ ਕੇ 7 ਵਿਕਟਾਂ ਗੁਆਈਆਂ। ਦਿੱਲੀ ਨੂੰ 59 ਦੌੜਾਂ ਦਾ ਟੀਚਾ ਮਿਲਿਆ ਸੀ। ਸਲਾਮੀ ਬੱਲੇਬਾਜ਼ ਸਨਤ ਸਾਂਗਵਾਨ (ਅਜੇਤੂ 34) ਤੇ ਗਗਨ ਵਤਸ (ਅਜੇਤੂ 25) ਨੇ 16.1 ਓਵਰਾਂ ਵਿਚ ਬਿਨਾਂ ਵਿਕਟ ਗੁਆਏ 62 ਦੌੜਾਂ ਬਣਾ ਕੇ ਦਿੱਲੀ ਨੂੰ 10 ਵਿਕਟਾਂ ਦੀ ਜਿੱਤ ਦਿਵਾ ਦਿੱਤੀ। ਦਿੱਲੀ ਦੀ ਟੀਮ ਗਰੁੱਪ-ਡੀ ਵਿਚ 11 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ।