ਜੇਤੂ ਮੁਹਿੰਮ ਨੂੰ ਜਾਰੀ ਰੱਖਣ ਲਈ ਉਤਰਨਗੀਆਂ ਦਿੱਲੀ ਤੇ ਬੈਂਗਲੁਰੂ

Monday, Feb 17, 2025 - 02:15 PM (IST)

ਜੇਤੂ ਮੁਹਿੰਮ ਨੂੰ ਜਾਰੀ ਰੱਖਣ ਲਈ ਉਤਰਨਗੀਆਂ ਦਿੱਲੀ ਤੇ ਬੈਂਗਲੁਰੂ

ਵਡੋਦਰਾ- ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ.ਬੀ.) ਅਤੇ ਦਿੱਲੀ ਕੈਪੀਟਲਸ, ਜਿਨ੍ਹਾਂ ਨੇ ਉਲਟ ਅੰਦਾਜ਼ ਵਿਚ ਆਪਣਾ-ਆਪਣਾ ਪਹਿਲਾ ਮੈਚ ਜਿੱਤਿਆ ਸੀ, ਸੋਮਵਾਰ ਨੂੰ ਇੱਥੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) ਵਿਚ ਆਹਮੋ-ਸਾਹਮਣੇ ਹੋਣਗੀਆਂ ਤਾਂ ਉਨ੍ਹਾਂ ਦਾ ਟੀਚਾ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਣ ਦਾ ਹੋਵੇਗਾ।

ਮੌਜੂਦਾ ਚੈਂਪੀਅਨ ਆਰ.ਸੀ.ਬੀ. ਨੇ ਟੂਰਨਾਮੈਂਟ ਦੇ ਪਹਿਲੇ ਮੈਚ ਵਿਚ ਗੁਜਰਾਤ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾਇਆ ਸੀ ਜਦਕਿ ਦਿੱਲੀ ਕੈਪੀਟਲਸ ਨੇ ਮੁੰਬਈ ਇੰਡੀਅਨਜ਼ ਖਿਲਾਫ ਆਖਰੀ ਗੇਂਦ ਵਿਚ ਜਿੱਤ ਦਰਜ ਕੀਤੀ ਸੀ।

ਚੰਗੀ ਸ਼ੁਰੂਆਤ ਨਾਲ ਦੋਵਾਂ ਟੀਮਾਂ ਦਾ ਮਨੋਬਲ ਵਧਿਆ ਹੋਇਆ ਹੈ ਪਰ ਆਰ.ਸੀ.ਬੀ. ਦੀ ਟੀਮ ਖਾਸ ਤੌਰ ’ਤੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ’ਚ ਜ਼ਿਆਦਾ ਸੰਤੁਲਿਤ ਦਿਖਾਈ ਦਿੰਦੀ ਹੈ ਅਤੇ ਇਸ ਲਈ ਇਹ ਮੈਚ ਜਿੱਤਣ ਲਈ ਉਹ ਮਜ਼ਬੂਤ ​​ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗੀ।

ਆਰ.ਸੀ.ਬੀ. ਦੀ ਬੱਲੇਬਾਜ਼ੀ ਇਕਾਈ ਦੀ ਤਾਕਤ ਇਸ ਗੱਲ ਤੋਂ ਜਾਹਿਰ ਹੁੰਦੀ ਹੈ ਕਿ ਉਸ ਨੇ 200 ਤੋਂ ਵੱਧ ਦੌੜਾਂ ਦਾ ਟੀਚਾ ਬੜੀ ਆਸਾਨੀ ਨਾਲ ਹਾਸਲ ਕਰ ਲਿਆ। ਸਮ੍ਰਿਤੀ ਮੰਧਾਨਾ ਦੀ ਅਗਵਾਈ ਵਾਲੀ ਟੀਮ ਆਪਣਾ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ।

ਆਰ.ਸੀ.ਬੀ. ਨੂੰ ਰਾਘਵੀ ਬਿਸ਼ਟ ਅਤੇ ਕਨਿਕਾ ਆਹੂਜਾ ਵਰਗੀਆਂ ਨੌਜਵਾਨ ਖਿਡਾਰਨਾਂ ਨੇ ਮਜ਼ਬੂਤ ​​ਕੀਤਾ ਹੈ, ਜਿਨ੍ਹਾਂ ਵਿਚ ਮੰਧਾਨਾ, ਐਲੀਸ ਪੈਰੀ, ਰਿਚਾ ਘੋਸ਼ ਅਤੇ ਡੈਨੀ ਵਿਅਟ ਵਰਗੀਆਂ ਧਾਕੜ ਸ਼ਾਮਲ ਹਨ। ਰਾਘਵੀ ਅਤੇ ਕਨਿਕਾ ਨੇ ਪਹਿਲੇ ਮੈਚ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ।

ਹਾਲਾਂਕਿ, ਆਰ.ਸੀ.ਬੀ. ਦੇ ਗੇਂਦਬਾਜ਼ਾਂ ਨੂੰ ਸਖਤ ਮਿਹਨਤ ਕਰਨੀ ਪਵੇਗੀ। ਗੇਂਦਬਾਜ਼ੀ ’ਚ ਉਸ ਨੂੰ ਪੈਰੀ ਦੀ ਕਮੀ ਮਹਿਸੂਸ ਹੋ ਰਹੀ ਹੈ। ਆਸਟਰੇਲੀਆ ਦੀ ਇਹ ਸਟਾਰ ਆਲਰਾਊਂਡਰ ਸੱਟ ਕਾਰਨ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ ’ਚ ਗੇਂਦਬਾਜ਼ੀ ਨਹੀਂ ਕਰ ਸਕੇਗੀ।

ਦਿੱਲੀ ਦੀ ਬੱਲੇਬਾਜ਼ੀ ਕਾਫੀ ਮਜ਼ਬੂਤ ​​ਹੈ ਅਤੇ ਆਰ.ਸੀ.ਬੀ. ਦੇ ਗੇਂਦਬਾਜ਼ਾਂ ਨੂੰ ਉਨ੍ਹਾਂ ’ਤੇ ਕਾਬੂ ਪਾਉਣ ਲਈ ਪੂਰੀ ਕੋਸ਼ਿਸ਼ ਕਰਨੀ ਪਵੇਗੀ।

ਦਿੱਲੀ ਦੀ ਬੱਲੇਬਾਜ਼ੀ ਇਕਾਈ ਕੋਲ ਕਪਤਾਨ ਮੈਗ ਲੈਨਿੰਗ, ਐਨਾਬੈਲ ਸਦਰਲੈਂਡ, ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਐਲਿਸ ਕੈਪਸ ਅਤੇ ਸਾਰਾਹ ਬ੍ਰਾਇਸ ਵਰਗੀਆਂ ਮਜ਼ਬੂਤ ​​ਬੱਲੇਬਾਜ਼ ਹਨ ਜੋ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਨਸ਼ਟ ਕਰ ਸਕਦੀਆਂ ਹਨ।

ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਦੀ ਅਗਵਾਈ ’ਚ ਦਿੱਲੀ ਦੀ ਗੇਂਦਬਾਜ਼ੀ ਇਕਾਈ ਨੇ ਪਿਛਲੇ ਮੈਚ ’ਚ ਮੁੰਬਈ ਇੰਡੀਅਨਜ਼ ਨੂੰ 164 ਦੌੜਾਂ ’ਤੇ ਰੋਕ ਕੇ ਚੰਗਾ ਪ੍ਰਦਰਸ਼ਨ ਕੀਤਾ ਸੀ, ਜਿਸ ਨੂੰ ਉਹ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ।
 


author

Tarsem Singh

Content Editor

Related News