ਉਮਰ ਤੇ ਹਾਲਾਤ ਨੂੰ ਬੌਣਾ ਸਾਬਤ ਕਰ ਰਿਹੈ ਸ਼ੇਤਰੀ ਦਾ ਚਮਤਕਾਰੀ ਪ੍ਰਦਰਸ਼ਨ

Friday, Jun 23, 2023 - 10:09 AM (IST)

ਉਮਰ ਤੇ ਹਾਲਾਤ ਨੂੰ ਬੌਣਾ ਸਾਬਤ ਕਰ ਰਿਹੈ ਸ਼ੇਤਰੀ ਦਾ ਚਮਤਕਾਰੀ ਪ੍ਰਦਰਸ਼ਨ

ਬੈਂਗਲੁਰੂ (ਭਾਸ਼ਾ)– ਭਾਰਤ ਤੇ ਪਾਕਿਸਤਾਨ ਵਿਚਾਲੇ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਮੈਚ ਦੌਰਾਨ ਇੱਥੇ ਬੈਸਟ ਬਲਾਕ ਬਲੂਜ ਸਟੈਂਡ ’ਤੇ ਇਕ ਵੱਡੇ ਸਾਰੇ ਬੈਨਰ ’ਤੇ ਲਿਖਿਆ ਸੀ, ‘‘ਅਮਰ ਹੈ ਨੰਬਰ-11’’। ਇਹ ਸੁਨੀਲ ਸ਼ੇਤਰੀ ਲਈ ਦਰਸ਼ਕਾਂ ਵਲੋਂ ਸਨਮਾਨ ਦੀ ਬਾਨਗੀ ਸੀ, ਜਿਸ ਨੇ ਭਾਰਤੀ ਕਪਤਾਨ ਦੇ ਹਰ ਮੂਵ ਦੀ ਹੌਸਲਾ ਅਫਜ਼ਾਈ ਕੀਤੀ। ਸ਼੍ਰੀ ਕਾਂਤੀਰਵਾ ਸਟੇਡੀਅਮ ’ਤੇ ਭਾਰਤ ਨੇ 4-0 ਨਾਲ ਜਿੱਤ ਦਰਜ ਕੀਤੀ, ਜਿਸ ’ਚ 11 ਨੰਬਰ ਦੀ ਜਰਸੀ ਵਾਲੇ ਸ਼ੇਤਰੀ ਦੀ ਹੈਟ੍ਰਿਕ ਸ਼ਾਮਲ ਸੀ।

38 ਸਾਲ ਦੀ ਉਮਰ ’ਚ ਜਦੋਂ ਖਿਡਾਰੀ ਸੰਨਿਆਸ ਦੇ ਬਾਰੇ ’ਚ ਸੋਚਣ ਲੱਗਦੇ ਹਨ, ਉਦੋਂ ਵੀ ਸ਼ੇਤਰੀ ਦਰਸ਼ਕਾਂ ਲਈ ਖਿੱਚ ਦਾ ਸਭ ਤੋਂ ਵੱਡਾ ਕੇਂਦਰ ਹੈ। ਉਸ ਦੀ ਖੇਡ ’ਤੇ ਮੰਨੋਂ ਜਿਵੇਂ ਉਮਰ ਦਾ ਕੋਈ ਅਸਰ ਹੀ ਨਹੀਂ ਹੈ। ਪਿਛਲੇ ਸ਼ਨੀਵਾਰ ਨੂੰ ਭਾਰਤ ਨੇ ਫੀਫਾ ਰੈਂਕਿੰਗ ’ਚ ਆਪਣੇ ਤੋਂ ਬਿਹਤਰ ਟੀਮ ਲਿਬਨਾਨ ਨੂੰ 2-0 ਨਾਲ ਹਰਾ ਕੇ ਇੰਟਰ ਕਾਂਟੀਨੈਂਟਲ ਕੱਪ ਜਿੱਤਿਆ ਤੇ ਉਸ ਵਿਚ ਵੀ ਪਹਿਲਾ ਗੋਲ ਸ਼ੇਤਰੀ ਦਾ ਸੀ। ਭਾਰੀ ਮੀਂਹ ਵਿਚਾਲੇ ਵੀ ਇੱਥੇ ਸਟੇਡੀਅਮ ਵਿਚ ਦਰਸ਼ਕ ਵੱਡੀ ਗਿਣਤੀ ਵਿਚ ਪੁੱਜੇ ਸਨ ਤੇ ਉਸ ਨੂੰ ਜਿੱਤ ਤੋਂ ਘੱਟ ਕੁਝ ਮਨਜ਼ੂਰ ਨਹੀਂ ਸੀ। ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡ ਦੌਰਾਨ ਮੈਦਾਨ ’ਤੇ ਸਾਲਾਂ ਤੋਂ ਚੱਲੀ ਆ ਰਹੀ ਵਿਰੋਧਤਾ ਹਰ ਮੁਕਾਬਲੇ ਨੂੰ ਖਾਸ ਬਣਾਉਂਦੀ ਆਈ ਹੈ ਤੇ ਸ਼ੇਤਰੀ ਆਪਣੇ ਵਲੋਂ ਇਸ ਨੂੰ ਯਾਦਗਾਰ ਬਣਾਉਣਾ ਚਾਹੁੰਦਾ ਸੀ।

ਸ਼ੇਤਰੀ ਨੇ ਕਿਹਾ,‘‘ਪਾਕਿਸਤਾਨ ਵਿਰੁੱਧ ਮੈਚ ਤੋਂ ਪਹਿਲਾਂ ਜਦੋਂ ਵੀ ਅਸੀਂ ਖਿਡਾਰੀਆਂ ਨਾਲ ਮਿਲਦੇ ਹਾਂ ਤਾਂ ਕਾਫੀ ਦੋਸਤਾਨਾ ਗੱਲਬਾਤ ਹੁੰਦੀ ਹੈ। ਮੈਂ ਇਕ ਜਾਂ ਦੋ ਵਾਰ ਪਾਕਿਸਤਾਨ ਗਿਆ, ਉਦੋਂ ਵੀ ਕਾਫੀ ਦੋਸਤਾਨਾ ਮਾਹੌਲ ਸੀ। ਉਹ ਪੰਜਾਬੀ ਬੋਲਦੇ ਹਨ ਤੇ ਅਸੀਂ ਵੀ ਪੰਜਾਬੀ ਵਿਚ ਗੱਲ ਕਰਦੇ ਸੀ ਪਰ ਸੀਟੀ ਵੱਜਣ ਤੋਂ ਬਾਅਦ ਪਤਾ ਨਹੀਂ ਕੀ ਹੋ ਜਾਂਦਾ ਹੈ।’’ ਉਸ ਨੇ ਕਿਹਾ,‘‘ਸ਼ਾਇਦ ਸਾਡੀ ਤੇ ਉਨ੍ਹਾਂ ਦੀ ਪਰਿਵਰਿਸ਼ ਹੀ ਅਜਿਹੀ ਹੋਈ ਹੈ। ਅਸੀਂ ਉਨ੍ਹਾਂ ਤੋਂ ਕਦੇ ਹਾਰਨਾ ਨਹੀਂ ਚਾਹੁੰਦੇ ਹਾਂ ਤੇ ਇਹ ਗੱਲ ਉਨ੍ਹਾਂ ਦੇ ਬਾਰੇ ਵਿਚ ਵੀ ਕਹੀ ਜਾ ਸਕਦੀ ਹੈ।’’

ਭਾਰਤ ਲਈ 138 ਮੈਚਾਂ ’ਚ 90 ਗੋਲ ਕਰ ਚੁੱਕਾ ਸ਼ੇਤਰੀ ਸਭ ਤੋਂ ਵੱਧ ਕੌਮਾਂਤਰੀ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਕ੍ਰਿਸਟਿਆਨੋ ਰੋਨਾਲਡੋ (1233), ਅਲੀ ਦੇਈ (109) ਤੇ ਲਿਓਨਿਲ ਮੇਸੀ (103) ਤੋਂ ਬਾਅਦ ਚੌਥੇ ਸਥਾਨ ’ਤੇ ਹੈ। ਪਾਕਿਸਤਾਨ ਵਿਰੁੱਧ ਮੈਚ ਤੋਂ ਬਾਅਦ ਸ਼ੇਤਰੀ ਨੇ ਕਿਹਾ ਸੀ, ‘‘ਕਲੀਨ ਸ਼ਾਟ ਖੇਡ ਕੇ ਬਹੁਤ ਖੁਸ਼ੀ ਮਿਲਦੀ ਹੈ। ਇਹ ਸਾਡਾ ਪਹਿਲਾ ਟੀਚਾ ਸੀ। ਕੌਮਾਂਤਰੀ ਫੁੱਟਬਾਲ ਵਿਚ ਗੋਲ ਕਰਨਾ ਆਸਾਨ ਨਹੀਂ ਹੈ। ਇਸ ਤੋਂ ਬਾਅਦ ਹਰ ਮੈਚ ਵਿਚ ਸਾਨੂੰ ਹੋਰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ।’’ ਪਰਫੈਕਸ਼ਨ ’ਤੇ ਸ਼ੇਤਰੀ ਦਾ ਫੋਕਸ ਕਮਾਲ ਦਾ ਹੈ। ਹਰ ਖਿਡਾਰੀ ਦੀ ਤਰ੍ਹਾਂ ਇਕ ਦਿਨ ਉਸਦੇ ਕਰੀਅਰ ਦਾ ਵੀ ਅੰਤ ਹੋਵੇਗਾ ਪਰ ਉਦੋਂ ਤਕ ਮੈਚ ਦਰ ਮੈਚ ਉਸਦੇ ਸ਼ਾਨਦਾਰ ਪ੍ਰਦਰਸ਼ਨ ’ਤੇ ਤਾੜੀਆਂ ਵਜਾਉਣ ਲਈ ਤਿਆਰ ਰਹੋ।


author

cherry

Content Editor

Related News