ਦੀਪਕ ਸਟ੍ਰੈਂਡਜਾ ਮੇਮੋਰੀਅਲ ਮੁੱਕੇਬਾਜ਼ੀ ਦੇ ਕੁਆਰਟਰਫਾਈਨਲ ’ਚ
Tuesday, Feb 23, 2021 - 10:56 PM (IST)
ਨਵੀਂ ਦਿੱਲੀ- ਏਸ਼ੀਆਈ ਸਿਲਵਰ ਮੈਡਲ ਜੇਤੂ ਦੀਪਕ ਕੁਮਾਰ (52 ਕਿ. ਗ੍ਰਾ.) ਨੇ ਇਕਪਾਸੜ ਜਿੱਤ ਦਰਜ ਕਰ ਕੇ ਬੁਲਗਾਰੀਆ ਦੇ ਸੋਫੀਆ ’ਚ ਚੱਲ ਰਹੇ 72ਵੇਂ ਸਟ੍ਰੈਂਡਜਾ ਮੇਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰਫਾਈਨਲ ’ਚ ਪ੍ਰਵੇਸ਼ ਕੀਤਾ। ਇੰਡੀਆ ਓਪਨ 2019 ਦੇ ਸੋਨ ਤਮਗਾ ਜੇਤੂ ਦੀਪਕ ਨੇ ਪਹਿਲੇ ਦੌਰ ਦੇ ਮੁਕਾਬਲੇ ’ਚ ਕਜਾਖਸਤਾਨ ਦੇ ਓਲਜਾਸ ਬੇਨਿਆਜੋਵ ਨੂੰ 5-0 ਨਾਲ ਹਰਾ ਕੇ ਅੰਤਿਮ-8 ’ਚ ਜਗ੍ਹਾ ਬਣਾਈ।
ਸੋਮਵਾਰ ਨੂੰ ਜਿੱਤ ਦਰਜ ਕਰਨ ਵਾਲੇ ਭਾਰਤੀਆਂ ’ਚ ਪੁਰਸ਼ ਵਰਗ ’ਚ ਨਵੀਨ ਕੁਮਾਰ (91 ਕਿ. ਗ੍ਰਾ.) ਅਤੇ ਮਹਿਲਾ ਵਰਗ ’ਚ ਜੋਤੀ (51 ਕਿ. ਗ੍ਰਾ.) ਵੀ ਸ਼ਾਮਲ ਹਨ। ਨਵੀਨ ਨੇ ਅਮਰੀਕਾ ਦੇ ਡਾਰੀਅਸ ਫੁਲਗਮ ਨੂੰ ਕਰੀਬੀ ਮੁਕਾਬਲੇ ’ਚ 3-2 ਨਾਲ ਜਦੋਂਕਿ ਜੋਤੀ ਨੇ ਯੂਕ੍ਰੇਨ ਦੀ ਤਾਤੀਯਾਨਾ ਕੋਬ ਨੂੰ 4-1 ਨਾਲ ਹਰਾਇਆ ਪਰ ਸ਼ਸ਼ੀ ਚੋਪੜਾ (60 ਕਿ. ਗ੍ਰਾ.), ਲਲਿਤਾ (69 ਕਿ. ਗ੍ਰਾ.) ਅਤੇ ਸਾਕਸ਼ੀ (57 ਕਿ. ਗ੍ਰਾ.) ਨੂੰ ਪਹਿਲੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਸ਼ੀ ਨੂੰ ਬ੍ਰਾਜ਼ੀਲ ਦੀ ਬੀਟਰਿਜ ਫੇਰੇਰਾ ਨੇ 5-0 ਨਾਲ ਹਰਾਇਆ, ਜਦੋਂਕਿ ਲਲਿਤਾ ਨੂੰ ਉਜਬੇਕਿਸਤਾਨ ਦੀ ਨਵਾਬਾਖੋਰ ਖਾਮਿਦੋਵਾ ਨੇ ਇਸ ਫਰਕ ਨਾਲ ਹਰਾਇਆ।
ਸਾਕਸ਼ੀ ਅਮਰੀਕਾ ਦੀ ਆਂਦਰਿਆ ਮੇਡਿਨਾ ਤੋਂ 1-4 ਨਾਲ ਹਾਰੀ। ਪੁਰਸ਼ ਵਰਗ ’ਚ ਨਵੀਨ ਬੂਰਾ (69 ਕਿ. ਗ੍ਰਾ.) ਅਤੇ ਅੰਕਿਤ ਖਟਾਨਾ (75 ਕਿ. ਗ੍ਰਾ.) ਨੂੰ ਪਹਿਲੇ ਦੌਰ ’ਚ ਬਾਈ ਮਿਲੀ। ਇਸ ਟੂਰਨਾਮੈਂਟ ’ਚ 30 ਦੇਸ਼ਾਂ ਦੇ ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਭਾਰਤ ਨੇ ਇਸ ਵਕਾਰੀ ਟੂਰਨਾਮੈਂਟ ਲਈ 7 ਪੁਰਸ਼ ਅਤੇ 5 ਮਹਿਲਾ ਖਿਡਾਰੀਆਂ ਨੂੰ ਬੁਲਗਾਰਿਆ ਭੇਜਿਆ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।