ਦੱਖਣੀ ਅਫਰੀਕਾ ਦਾ ਸਾਲ ਦਾ ਸਰਵਸ੍ਰੇਸ਼ਠ ਕ੍ਰਿਕਟਰ ਚੁਣਿਆ ਗਿਆ ਡੀ ਕੌਕ
Sunday, Jul 05, 2020 - 07:27 PM (IST)
ਜੋਹਾਨਸਬਰਗ– ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕੌਕ ਇੱਥੇ ਹੋਏ ਵਰਚੂਅਲ ਸਨਮਾਨ ਸਮਾਰੋਹ ਵਿਚ ਦੱਖਣੀ ਅਫਰੀਕਾ ਦੇ ਸਾਲ ਦਾ ਸਰਵਸ੍ਰੇਸ਼ਠ ਕ੍ਰਿਕਟਰ ਚੁਣਿਆ ਗਿਆ। ਉਸ ਨੂੰ ਇਸ ਸਾਲ ਦੇ ਸਰਵਸ੍ਰੇਸ਼ਠ ਟੈਸਟ ਕ੍ਰਿਕਟਰ ਦਾ ਵੀ ਖਿਤਾਬ ਮਿਲਿਆ ਜਦਕਿ ਲਾਰਾ ਵੋਲਵਾਟਰ ਨੂੰ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਕ੍ਰਿਕਟਰ ਤੇ ਵਨ ਡੇ ਕ੍ਰਿਕਟਰ ਦੇ ਖਿਤਾਬ ਨਾਲ ਸਨਮਾਨਤ ਕੀਤਾ ਗਿਆ । ਡੀ ਕੌਕ ਸਾਲ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਖਿਤਾਬ ਦੂਜੀ ਵਾਰ ਜਿੱਤਣ ਵਾਲਾ ਦੱਖਣੀ ਅਫਰੀਕਾ ਦਾ ਛੇਵਾਂ ਖਿਡਾਰੀ ਬਣਿਅਾ ਹੈ। ਇਸ ਤੋਂ ਪਹਿਲਾਂ ਮਖਾਇਆ ਇਨਤਿਨੀ ਕੈਗਿਸੋ ਰਬਾਡਾ, ਹਾਸ਼ਿਮ ਅਮਲਾ, ਏ. ਬੀ. ਡਿਵਿਲੀਅਰਸ ਤੇ ਜੈਕਸ ਕੈਲਿਸ ਨੇ 2-2 ਵਾਰ ਇਹ ਖਿਤਾਬ ਜਿੱਤਿਆ ਸੀ।
ਲੂੰਗੀ ਇਨਗਿਡੀ ਨੂੰ ਪੁਰਸਾਂ ਦੀ ਸ਼੍ਰੇਣੀ ਵਿਚ ਸਰਵਸ੍ਰੇਸ਼ਠ ਵਨ ਡੇ ਕ੍ਰਿਕਟਰ ਤੇ ਟੀ-20 ਕ੍ਰਿਕਟਰ ਦਾ ਐਵਾਰਡ ਮਿਲਿਆ । ਇੰਗਲੈਂਡ ਵਿਰੁੱਧ ਸੀਰੀਜ਼ ਵਿਚ ਪੰਜ ਵਿਕਟਾਂ ਲੈਣ ਵਾਲੇ ਐਨਰਿਚੀ ਨੋਰਟਜੇ ਨੂੰ ਸਾਲ ਦੇ ਉਭਰਦੇ ਖਿਡਾਰੀ ਦਾ ਐਵਾਰਡ ਮਿਲਿਆ। ਸ਼ਬਨਮ ਇਸਮਾਇਲ ਨੂੰ ਸਾਲ ਦੀ ਸਰਵਸ੍ਰੇਸ਼ਠ ਟੀ-20 ਮਹਿਲਾ ਕ੍ਰਿਕਟਰ ਚੁਣਿਆ ਗਿਆ ਜਦਕਿ ਖੱਬੇ ਹੱਥ ਦੀ ਸਪਿਨਰ ਨਾਨਕੁਲੁਲੇਕੋ ਮਲਾਬਾ ਸਾਲ ਦੀ ਸਰਵਸ੍ਰੇਸ਼ਠ ਉਭਰਦੀ ਖਿਡਾਰੀ ਚੁਣੀ ਗਈ । ਕ੍ਰਿਕਟਰ ਦੱਖਣੀ ਅਫਰੀਕਾ (ਸੀ. ਐੱਸ. ਏ.) ਦੇ ਟੈਂਪਰੇਰੀ ਮੁੱਖ ਕਾਰਜਕਾਰੀ ਅਧਿਕਾਰੀ ਡਾ. ਜੈਕਸ ਫਾਲ ਨੇ ਕਿਹਾ,‘‘ਕਵਿੰਟਨ ਤੇ ਲਾਰਾ ਨੇ ਉਹ ਮਾਪਦੰਡ ਤੈਅ ਕੀਤੇ ਹਨ, ਜਿਨ੍ਹਾਂ ਦੀ ਅਸੀਂ ਆਪਣੇ ਖਿਡਾਰੀਆਂ ਤੋਂ ਉਮੀਦ ਕਰਦੇ ਹਾਂ।’’
ਜੈਕਸ ਨੇ ਕਿਹਾ ਕਿ ਕਵਿੰਟਨ ਟੈਸਟ ਕ੍ਰਿਕਟ ਵਿਚ ਮੋਹਾਰੀ ਵਿਕਟਕੀਪਰ ਬੱਲੇਬਾਜ਼ ਹੈ ਤੇ ਅਸਲ ਵਿਚ ਕ੍ਰਿਕਟ ਦੇ ਦੋਵਾਂ ਸਵਰੂਪਾਂ ਵਿਚ ਪ੍ਰਮੱੁਖ ਬੱਲੇਬਾਜ਼ਾਂ ਵਿਚੋਂ ਇਕ ਹੈ। ਉਹ ਆਸਟਰੇਲੀਆ ਵਿਰੁੱਧ ਹਾਲੀਆ ਵਨ ਡੇ ਸੀਰੀਜ਼ ਵਿਚ ਬਿਹਤਰੀਨ ਕਪਤਾਨ ਸਾਬਤ ਹੋਇਆ ਸੀ। ਦੱਖਣੀ ਅਫਰੀਕਾ ਨੇ ਆਸਟਰੇਲੀਆ ਨੂੰ ਇਸ ਵਨ ਡੇ ਸੀਰੀਜ਼ ਵਿਚ ਕਲੀਨ ਸਵੀਪ ਕੀਤਾ ਸੀ। ਫਾਲ ਨੇ ਕਿਹਾ,‘‘ਲਾਰ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੀ ਸਮਾਪਤੀ ਤੋਂ ਬਾਅਧ ਟੂਰਨਾਮੈਂਟ ਦੀ ਸਰਵਸ੍ਰੇਸਠ ਇਲੈਵਨ ਵਿਚਸ਼ਾਮਲ ਕੀਤੀ ਗਈ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਕੌਮਾਂਤਰੀ ਪੱਧਰ ’ਤੇ ਉਸ ਨੇ ਸਨਮਾਨ ਹਾਸਲ ਕੀਤਾ ਹੈ। 21 ਸਾਲ ਦੀ ਲਾਰਾ ਦੇ ਕੋਲ ਅੱਗੇ ਸ਼ਾਨਦਾਰ ਭਵਿੱਖ ਹੈ ਤੇ ਉਮੀਦ ਹੈ ਕਿ ਅਗਲੇ ਸਾਲ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਵਿਚ ਉਹ ਦੱਖਣੀ ਅਫਰੀਕਾ ਦੀਆਂ ਉਮੀਦਾਂ ਲਈ ਮਹੱਤਵਪੂਰਨ ਸਾਬਤ ਹੋਵੇਗੀ।