IPL 2022 : ਦਿੱਲੀ ਨੇ ਮੁੰਬਈ ਨੂੰ 4 ਵਿਕਟਾਂ ਨਾਲ ਹਰਾਇਆ, ਅਕਸ਼ਰ ਪਟੇਲ ਤੇ ਲਲਿਤ ਯਾਦਵ ਨੇ ਪਲਟਿਆ ਮੈਚ
Sunday, Mar 27, 2022 - 07:30 PM (IST)
ਸਪੋਰਟਸ ਡੈਸਕ- ਆਈ. ਪੀ. ਐੱਲ. 2022 ਦਾ ਦੂਜਾ ਮੈਚ ਅੱਜ ਮੁੰਬਈ ਤੇ ਦਿੱਲੀ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਦਿੱਲੀ ਨੇ ਮੁੰਬਈ ਇੰਡੀਅਨਜ਼ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਮੁੰਬਈ ਦੀ ਟੀਮ ਨੇ ਆਪਣੀ ਪਾਰੀ ਦੇ ਦੌਰਾਨ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 177 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ ਦਿੱਲੀ ਨੂੰ ਜਿੱਤ ਲਈ 178 ਦੌੜਾਂ ਦਾ ਟੀਚਾ ਦਿੱਤਾ ਹੈ। ਈਸ਼ਾਨ ਕਿਸ਼ਨ ਨੇ ਮੈਚ 'ਚ ਅਜੇਤੂ ਰਹਿੰਦੇ ਹੋਏ ਸ਼ਾਨਦਾਰ ਪਾਰੀ ਖੇਡ 11 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 81 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਨੇ 4 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 41 ਦੌੜਾਂ ਦੀ ਪਾਰੀ ਖੇਡੀ। ਦਿੱਲੀ ਵਲੋਂ ਖ਼ਲੀਲ ਅਹਿਮਦ ਨੇ 2 ਤੇ ਕੁਲਦੀਪ ਯਾਦਵ ਨੇ 3 ਵਿਕਟਾਂ ਝਟਕਾਈਆਂ।
ਟੀਚੇ ਦਾ ਪਿੱਛਾ ਕਰਨ ਆਈ ਦਿੱਲੀ ਦੀ ਟੀਮ ਨੇ 18.2 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 179 ਦੌੜਾਂ ਬਣਾਈਆਂ ਤੇ 4 ਵਿਕਟਾਂ ਨਾਲ ਮੈਚ ਆਪਣੇ ਨਾਂ ਕਰ ਲਿਆ। ਦਿੱਲੀ ਲਈ ਆਖ਼ਰੀ ਓਵਰਾਂ 'ਚ ਲਲਿਤ ਯਾਦਵ ਤੇ ਅਕਸ਼ਰ ਪਟੇਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਮੈਚ ਜੇਤੂ ਪਾਰੀਆਂ ਖੇਡੀਆਂ। ਲਲਿਤ 48 ਦੌੜਾਂ ਤੇ ਅਕਸ਼ਰ ਪਟੇਲ 38 ਦੌੜਾਂ ਬਣਾ ਅਜੇਤੂ ਰਹੇ। ਮੁੰਬਈ ਵਲੋਂ ਬਾਸਿਲ ਥੰਪੀ ਨੇ 3, ਮੁਰੂਗਨ ਅਸ਼ਵਿਨ ਨੇ 2 ਤੇ ਟਾਈਮਲ ਮਿਲਸ ਨੇ 1 ਵਿਕਟ ਲਈ। ਟੀਚੇ ਦਾ ਪਿੱਛਾ ਕਰਨ ਆਈ ਦਿੱਲੀ ਦੀ ਪਹਿਲੀ ਵਿਕਟ ਟਿਮ ਸਿਫਰਟ ਦੇ ਤੌਰ 'ਤੇ ਡਿੱਗੀ। ਸਿਫਰਟ 21 ਦੌੜਾਂ ਦੇ ਨਿੱਜੀ ਸਕੋਰ 'ਤੇ ਮੁਰੂਗਨ ਅਸ਼ਵਿਨ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ।
ਦਿੱਲੀ ਦੀ ਦੂਜੀ ਵਿਕਟ ਮਨਦੀਪ ਸਿੰਘ ਦੇ ਤੌਰ 'ਤੇ ਡਿੱਗੀ। ਮਨਦੀਪ ਆਪਣਾ ਖ਼ਾਤਾ ਵੀ ਨਾ ਖੋਲ੍ਹ ਸਕੇ ਤੇ ਮੁਰੂਗਨ ਅਸ਼ਵਿਨ ਦੀ ਗੇਂਦ 'ਤੇ ਤਿਲਕ ਵਰਮਾ ਨੂੰ ਕੈਚ ਦੇ ਕੇ ਆਊਟ ਹੋ ਗਏ। ਦਿੱਲੀ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਰਿਸ਼ਭ ਪੰਤ 1 ਦੌੜ ਦੇ ਨਿੱਜੀ ਸਕੋਰ 'ਤੇ ਮਿਲਸ ਦੀ ਗੇਂਦ 'ਤੇ ਟਿਮ ਡੇਵਿਡ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਦਿੱਲੀ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ 38 ਦੌੜਾਂ ਬਣਾ ਆਊਟ ਹੋਏ। ਸ਼ਾਹ ਨੇ 4 ਚੌਕਿਾਆਂ ਤੇ 2 ਛੱਕਿਆਂ ਦੀ ਮਦਦ ਨਾਲ 38 ਦੌੜਾਂ ਬਣਾਈਆਂ। ਦਿੱਲੀ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਰੋਵਮੈਨ ਪਾਵੇਲ ਆਪਣਾ ਖ਼ਾਤਾ ਵੀ ਨਾ ਖ਼ੋਲ ਸਕੇ ਤੇ ਸਿਫਰ ਦੇ ਸਕੋਰ 'ਤੇ ਬਾਸਿਲ ਥੰਪੀ ਦੀ ਗੇਂਦ 'ਤੇ ਡੇਨੀਅਲ ਸੈਮਸ ਨੂੰ ਕੈਚ ਦੇ ਕੇ ਆਊਟ ਹੋ ਗਏ। ਦਿੱਲੀ ਦੀ ਛੇਵੀਂ ਵਿਕਟ ਸ਼ਾਰਦੁਲ ਠਾਕੁਰ ਦੇ ਤੌਰ 'ਤੇ ਡਿੱਗੀ। ਸ਼ਾਰਦੁਲ ਨੇ 4 ਚੌਕਿਆਂ ਦੀ ਮਦਦ ਨਾਲ 22 ਦੌੜਾਂ ਬਣਾਈਆਂ ਪਰ ਬਦਕਿਸਮਤੀ ਨਾਲ ਬਾਸਿਲ ਥੰਪੀ ਦੀ ਗੇਂਦ 'ਤੇ ਰੋਹਿਤ ਨੂੰ ਕੈਚ ਦੇ ਕੇ ਆਊਟ ਹੋ ਗਏ। ਖ਼ਬਰ ਲਿਖੇ ਜਾਣ ਸਮੇਂ ਤਕ ਦਿੱਲੀ ਨੇ 6 ਵਿਕਟਾਂ ਦੇ ਨੁਕਸਾਨ 'ਤੇ 115 ਦੌੜਾਂ ਬਣਾ ਲਈਆਂ ਸਨ।
ਇਹ ਵੀ ਪੜ੍ਹੋ : IPL 2022 : ਈਸ਼ਾਨ ਕਿਸ਼ਨ ਦਾ ਸ਼ਾਨਦਾਰ ਅਰਧ ਸੈਂਕੜਾ, ਮੁੰਬਈ ਨੇ ਦਿੱਲੀ ਨੂੰ ਦਿੱਤਾ 178 ਦੌੜਾਂ ਦਾ ਟੀਚਾ
ਇਹ ਵੀ ਪੜ੍ਹੋ : DC vs MI : ਰੋਹਿਤ ਸ਼ਰਮਾ ਨੇ ਪਹਿਲੇ ਹੀ ਓਵਰ ’ਚ ਛੱਕਾ ਮਾਰ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ
ਟੀਮਾਂ :
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਅਨਮੋਲਪ੍ਰੀਤ ਸਿੰਘ, ਕੀਰੋਨ ਪੋਲਾਰਡ, ਟਿਮ ਡੇਵਿਡ, ਡੈਨੀਅਲ ਸੈਮਸ, ਮੁਰੂਗਨ ਅਸ਼ਵਿਨ, ਟਿਮਲ ਮਿਲਸ, ਜਸਪ੍ਰੀਤ ਬੁਮਰਾਹ, ਬੇਸਿਲ ਥੰਪੀ
ਦਿੱਲੀ ਕੈਪੀਟਲਜ਼ : ਪ੍ਰਿਥਵੀ ਸ਼ਾਹ, ਟਿਮ ਸੀਫਰਟ, ਮਨਦੀਪ ਸਿੰਘ, ਰਿਸ਼ਭ ਪੰਤ (ਕਪਤਾਨ/ਵਿਕਟਕੀਪਰ), ਰੋਵਮੈਨ ਪਾਵੇਲ, ਲਲਿਤ ਯਾਦਵ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਖਲੀਲ ਅਹਿਮਦ, ਕੁਲਦੀਪ ਯਾਦਵ, ਕਮਲੇਸ਼ ਨਾਗਰਕੋਟੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।