DC vs LSG, IPL 2024: ਲਖਨਊ ਦੇ ਮੁੱਖ ਕੋਚ ਨੇ ਦੱਸਿਆ ਹਾਰ ਦਾ ਕਾਰਨ

Wednesday, May 15, 2024 - 09:20 PM (IST)

DC vs LSG, IPL 2024: ਲਖਨਊ ਦੇ ਮੁੱਖ ਕੋਚ ਨੇ ਦੱਸਿਆ ਹਾਰ ਦਾ ਕਾਰਨ

ਸਪੋਰਟਸ ਡੈਸਕ : IPL 2024 ਦੇ ਮੰਗਲਵਾਰ ਨੂੰ ਦਿੱਲੀ ਕੈਪੀਟਲਸ ਖਿਲਾਫ ਖੇਡੇ ਗਏ 64ਵੇਂ ਮੈਚ 'ਚ 19 ਦੌੜਾਂ ਨਾਲ ਹਾਰਨ ਤੋਂ ਬਾਅਦ ਲਖਨਊ ਸੁਪਰ ਜਾਇੰਟਸ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਟੀਮ ਦੀ ਹਾਰ ਲਈ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ। ਲੈਂਗਰ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਜੇਕਰ ਅਸੀਂ ਆਪਣੀ ਬੱਲੇਬਾਜ਼ੀ 'ਚ ਥੋੜ੍ਹੀ ਸਿਆਣਪ ਦਿਖਾਈ ਹੁੰਦੀ ਤਾਂ ਇਸ ਪਿੱਚ 'ਤੇ ਅਜਿਹਾ ਟੀਚਾ ਹਾਸਲ ਕੀਤਾ ਜਾ ਸਕਦਾ ਸੀ। ਅਸੀਂ ਸਟੱਬਸ ਦੀ ਗੇਂਦ 'ਤੇ ਵਿਕਟ ਗੁਆਏ, ਇਸ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ।

ਹਾਲਾਂਕਿ ਕੋਚ ਨੇ ਮੈਚ 'ਚ ਅਰਸ਼ਦ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਤਾਰੀਫ ਕੀਤੀ। ਮੈਚ ਵਿੱਚ ਇੱਕ ਵਿਕਟ ਲੈਣ ਤੋਂ ਬਾਅਦ ਅਰਸ਼ਦ ਨੇ 33 ਗੇਂਦਾਂ ਦੀ ਅਜੇਤੂ ਪਾਰੀ ਵਿੱਚ ਤਿੰਨ ਚੌਕਿਆਂ ਅਤੇ ਪੰਜ ਛੱਕਿਆਂ ਦੀ ਮਦਦ ਨਾਲ 58 ਦੌੜਾਂ ਬਣਾਈਆਂ। ਲੈਂਗਰ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਅਰਸ਼ਦ ਬਹੁਤ ਵਧੀਆ ਕ੍ਰਿਕਟਰ ਹੈ। ਮੈਂ ਦੇਖਿਆ ਕਿ ਉਹ ਗੇਂਦ ਨੂੰ ਸਵਿੰਗ ਕਰ ਰਿਹਾ ਸੀ। ਉਹ ਇਕ ਚੰਗਾ ਫੀਲਡਰ ਹੈ ਅਤੇ ਜਿਸ ਤਰ੍ਹਾਂ ਨਾਲ ਉਸ ਨੇ ਅੱਜ ਬੱਲੇਬਾਜ਼ੀ ਕੀਤੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਚੰਗਾ 'ਪੈਕੇਜ' ਹੈ। ਮੈਂ ਇਸ ਟੂਰਨਾਮੈਂਟ ਵਿਚ ਉਸ ਨੂੰ ਨੇੜਿਓਂ ਦੇਖਿਆ ਹੈ, ਉਸ ਨੇ ਅੱਜ ਜੋ ਕੀਤਾ, ਉਸ ਤੋਂ ਪਤਾ ਲੱਗਦਾ ਹੈ ਕਿ ਉਸ ਵਿਚ ਬਹੁਤ ਸਮਰੱਥਾ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਲੀਗ ਦੇ ਆਪਣੇ ਆਖਰੀ ਮੈਚ 'ਚ ਦਿੱਲੀ ਕੈਪੀਟਲਸ ਨੇ ਲਖਨਊ ਸੁਪਰ ਜਾਇੰਟਸ ਨੂੰ 19 ਦੌੜਾਂ ਨਾਲ ਹਰਾ ਦਿੱਤਾ। ਹਾਲਾਂਕਿ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਦਿੱਲੀ ਨੇ ਅਭਿਸ਼ੇਕ ਪੋਰੇਲ ਦੀਆਂ 58 ਦੌੜਾਂ, ਸ਼ਾਈ ਹੋਪ ਦੀਆਂ 38 ਦੌੜਾਂ, ਰਿਸ਼ਭ ਪੰਤ ਦੀਆਂ 33 ਦੌੜਾਂ ਅਤੇ ਟ੍ਰਿਸਟਨ ਸਟੱਬਸ ਦੀਆਂ 57 ਦੌੜਾਂ ਦੀ ਮਦਦ ਨਾਲ 4 ਵਿਕਟਾਂ ਗੁਆ ਕੇ 208 ਦੌੜਾਂ ਬਣਾਈਆਂ। ਜਵਾਬ 'ਚ ਲਖਨਊ ਨੇ 5ਵੇਂ ਓਵਰ 'ਚ ਹੀ 4 ਵਿਕਟਾਂ ਗੁਆ ਦਿੱਤੀਆਂ। ਪਰ ਨਿਕੋਲਸ ਪੂਰਨ ਨੇ 61 ਦੌੜਾਂ ਬਣਾ ਕੇ ਲੜਾਈ ਜਾਰੀ ਰੱਖੀ। ਲਖਨਊ ਨੂੰ ਜਿੱਤ ਲਈ ਆਖਰੀ ਓਵਰ ਵਿੱਚ 23 ਦੌੜਾਂ ਦੀ ਲੋੜ ਸੀ। ਅਰਸ਼ਦ ਖਾਨ (58) ਨੇ ਅਰਧ ਸੈਂਕੜਾ ਜ਼ਰੂਰ ਲਗਾਇਆ ਪਰ ਉਹ ਟੀਮ ਨੂੰ ਜਿੱਤ ਵੱਲ ਲੈ ਕੇ ਨਹੀਂ ਜਾ ਸਕਿਆ। ਦਿੱਲੀ ਨੇ 19 ਦੌੜਾਂ ਨਾਲ ਜਿੱਤ ਦਰਜ ਕੀਤੀ।


author

Tarsem Singh

Content Editor

Related News