AFG vs NZ Test : ਮੀਂਹ ਕਾਰਨ ਤੀਜੇ ਦਿਨ ਦੀ ਖੇਡ ਰੱਦ

Wednesday, Sep 11, 2024 - 11:55 AM (IST)

ਗ੍ਰੇਟਰ ਨੋਇਡਾ : ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਇਕਲੌਤੇ ਟੈਸਟ ਦਾ ਤੀਜਾ ਦਿਨ ਬੁੱਧਵਾਰ ਨੂੰ ਭਾਰੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਪਹਿਲੇ ਦੋ ਦਿਨਾਂ ਦੀ ਖੇਡ ਗਿੱਲੀ ਆਊਟਫੀਲਡ ਕਾਰਨ ਇਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤੀ ਗਈ ਸੀ, ਜਿਸ ਨਾਲ ਆਯੋਜਕ ਸਥਾਨ ਦੀਆਂ ਤਿਆਰੀਆਂ 'ਤੇ ਗੰਭੀਰ ਸਵਾਲ ਉੱਠ ਰਹੇ ਸਨ। ਮੌਸਮ ਨੂੰ ਦੇਖਦੇ ਹੋਏ ਮੈਚ ਅਧਿਕਾਰੀਆਂ ਨੇ ਬੁੱਧਵਾਰ ਨੂੰ ਖੇਡ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰਨ 'ਚ ਦੇਰ ਨਹੀਂ ਲਗਾਈ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ 'ਚ ਕਿਹਾ, 'ਲਗਾਤਾਰ ਮੀਂਹ ਕਾਰਨ ਅਫਗਾਨਿਸਤਾਨ ਬਨਾਮ ਨਿਊਜ਼ੀਲੈਂਡ ਵਿਚਾਲੇ ਤੀਜੇ ਦਿਨ ਦਾ ਮੈਚ ਰੱਦ ਕਰ ਦਿੱਤਾ ਗਿਆ ਹੈ। ਜੇਕਰ ਆਸਮਾਨ ਸਾਫ ਰਿਹਾ ਤਾਂ ਕੱਲ੍ਹ ਤੋਂ ਮੈਚ 98 ਓਵਰਾਂ ਦੇ ਨਾਲ ਸ਼ੁਰੂ ਹੋਵੇਗਾ। ਅਫਗਾਨਿਸਤਾਨ ਜਿਸ ਨੂੰ ਅਕਸਰ ਚੋਟੀ ਦੀਆਂ ਟੀਮਾਂ ਨਾਲ ਖੇਡਣ ਦਾ ਮੌਕਾ ਨਹੀਂ ਮਿਲਦਾ, ਇਸ ਖੇਡ ਦਾ ਮੇਜ਼ਬਾਨ ਹੈ।
ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਅਫਗਾਨਿਸਤਾਨ ਕ੍ਰਿਕਟ ਬੋਰਡ ਨੂੰ ਕਾਨਪੁਰ, ਬੈਂਗਲੁਰੂ ਅਤੇ ਗ੍ਰੇਟਰ ਨੋਇਡਾ ਦਾ ਵਿਕਲਪ ਦਿੱਤਾ ਸੀ। ਏਸੀਬੀ ਨੇ ਲੌਜਿਸਟਿਕਲ ਕਾਰਨਾਂ ਕਰਕੇ ਗ੍ਰੇਟਰ ਨੋਇਡਾ ਨੂੰ ਚੁਣਿਆ। ਏਸੀਬੀ ਦੇ ਅੰਤਰਰਾਸ਼ਟਰੀ ਕ੍ਰਿਕਟ ਮੈਨੇਜਰ ਮਿਨਹਾਜ ਰਾਜ ਨੇ ਕਿਹਾ, 'ਇਹ ਹਮੇਸ਼ਾ ਅਫਗਾਨਿਸਤਾਨ ਦਾ ਘਰੇਲੂ ਮੈਦਾਨ ਰਿਹਾ ਹੈ। ਅਸੀਂ ਇੱਥੇ 2016 ਤੋਂ ਖੇਡ ਰਹੇ ਹਾਂ। ਇਹ ਸਭ ਬਰਸਾਤ ਕਾਰਨ ਹੋਇਆ। ਅਸੀਂ ਇੱਥੇ ਸਥਾਨਕ ਟੀਮ ਦੇ ਖਿਲਾਫ ਤਿੰਨ ਦਿਨਾ ਮੈਚ ਵੀ ਖੇਡਿਆ ਹੈ ਜਿਸ ਵਿੱਚ ਕੋਈ ਸਮੱਸਿਆ ਨਹੀਂ ਸੀ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਇੱਥੇ 11 ਸੀਮਤ ਓਵਰਾਂ ਦੇ ਮੈਚਾਂ ਦੀ ਮੇਜ਼ਬਾਨੀ ਕੀਤੀ ਹੈ। ਇਸ ਤੋਂ ਇਲਾਵਾ ਉਹ ਦੇਹਰਾਦੂਨ 'ਚ ਵੀ ਮੈਚ ਖੇਡ ਚੁੱਕੇ ਹਨ।


Aarti dhillon

Content Editor

Related News