ਭਾਰਤ ਦੇ ਪਹਿਲੇ ਡੇ-ਨਾਈਟ ਟੈਸਟ ਲਈ 2 ਦਿਨਾਂ ਦੇ ਅੰਦਰ ਵਿਕੀਆਂ ਸਾਰੀਆਂ ਆਨਲਾਈਨ ਟਿਕਟਾਂ
Thursday, Nov 07, 2019 - 04:56 PM (IST)

ਕੋਲਕਾਤਾ— ਭਾਰਤੀ ਕ੍ਰਿਕਟ ਟੀਮ ਦੇ ਪਹਿਲੇ ਡੇ-ਨਾਈਟ ਟੈਸਟ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਉਤਸ਼ਾਹ ਆਪਣੇ ਪੂਰੇ ਜੋਸ਼ 'ਚ ਪਹੁੰਚ ਗਿਆ ਹੈ ਅਤੇ ਤਿੰਨ ਦਿਨਾਂ 'ਚ ਵੇਚੀਆਂ ਜਾਣ ਵਾਲੀਆਂ ਆਨਲਾਈਨ ਟਿਕਟਾਂ ਦੀ ਵਿਕਰੀ 2 ਦਿਨਾਂ 'ਚ ਹੀ ਪੂਰੀਆਂ ਹੋ ਚੁੱਕੀਆਂ ਹਨ। ਬੰਗਾਲ ਕ੍ਰਿਕਟ ਸੰਘ (ਕੈਬ) ਨੇ ਜਾਰੀ ਬਿਆਨ 'ਚ ਦੱਸਿਆ ਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਈਡਨ ਗਾਰਡਨਸ ਮੈਦਾਨ 'ਤੇ 22 ਤੋਂ 26 ਨਵੰਬਰ ਤਕ ਖੇਡੇ ਜਾਣ ਵਾਲੇ ਡੇ-ਨਾਈਟ ਟੈਸਟ ਨੂੰ ਲੈ ਕੇ ਲੋਕਾਂ 'ਚ ਅਜੇ ਤੋਂ ਹੀ ਕਾਫੀ ਉਤਸ਼ਾਹ ਹੈ ਅਤੇ ਪਹਿਲੇ ਤਿੰਨ ਦਿਨਾਂ 'ਚ ਆਨਲਾਈਨ ਵੇਚੀਆਂ ਜਾਣ ਵਾਲੀਆਂ ਟਿਕਟਾਂ ਦੀ 30 ਫੀਸਦੀ ਵਿਕਰੀ ਪੂਰੀ ਹੋ ਚੁੱਕੀ ਹੈ ਜਦਕਿ ਚੌਥੀ ਦਿਨ ਲਈ ਵੇਚੀਆਂ ਜਾਣ ਵਾਲੀਆਂ 3500 ਟਿਕਟਾਂ ਵੀ ਵਿਕ ਗਈਆਂ ਹਨ।
ਕੈਬ ਮੁਤਾਬਕ, ''ਗਲੋਬਲ ਕੈਂਸਰ ਟਰੱਸਟ ਦੀ ਮਦਦ ਨਾਲ 20 ਬਰੈਸਟ ਕੈਂਸਰ ਨਾਲ ਪੀੜਤ ਮੈਚ ਦੇ ਪਹਿਲੇ ਦਿਨ ਮੌਜੂਦ ਰਹਿਣਗੇ ਜਿਨ੍ਹਾਂ ਦੇ ਸਵਾਗਤ ਲਈ ਕੈਬ ਅਧਿਕਾਰੀ ਮੌਜੂਦ ਰਹਿਣਗੇ। ਤੀਜੇ ਦਿਨ ਕੈਂਸਰ ਮਰੀਜ਼ਾਂ ਨੂੰ ਈਡਨ ਗਾਰਡਨਸ 'ਚ ਖੇਡਣ ਦਾ ਮੌਕਾ ਮਿਲੇਗਾ।'' ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਨਵੇਂ ਪ੍ਰਧਾਨ ਸੌਰਵ ਗਾਂਗੁਲੀ ਦੇ ਅਹੁਦਾ ਸੰਭਾਲਣ ਦੇ ਬਾਅਦ ਭਾਰਤ ਪਹਿਲੀ ਵਾਰ ਡੇ-ਨਾਈਟ ਟੈਸਟ ਫਾਰਮੈਟ 'ਚ ਖੇਡਣ ਉਤਰੇਗਾ ਜਿਸ ਤੋਂ ਉਹ ਹਮੇਸ਼ਾ ਮਨ੍ਹਾਂ ਕਰਦਾ ਰਿਹਾ ਸੀ। ਇਸ ਮੈਚ ਲਈ ਬੰਗਾਲ ਕ੍ਰਿਕਟ ਸੰਘ ਨੇ ਇਤਿਹਾਸਕ ਈਡਨ ਗਾਰਡਨਸ ਮੈਦਾਨ 'ਤੇ ਵੱਡੇ ਆਯੋਜਨ ਦੀਆਂ ਤਿਆਰੀਆਂ ਕੀਤੀਆਂ ਹਨ ਜਿੱਥੇ ਮਹਿਮਾਨ ਟੀਮ ਬੰਗਲਾਦੇਸ਼ ਦੀ ਪ੍ਰਧਾਨਮੰਤਰੀ ਸੇਖ਼ ਹਸੀਨਾ ਵੀ ਪਹਿਲੇ ਦਿਨ ਮੌਜੂਦ ਰਹਿਣਗੇ।
ਇਸ ਤੋਂ ਇਲਾਵਾ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਹੈ ਜਦਕਿ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਦੇ ਵੀ ਇਸ ਮੌਕੇ 'ਤੇ ਹਾਜ਼ਰ ਰਹਿਣ ਦੀ ਉਮੀਦ ਹੈ। ਕ੍ਰਿਕਟ ਤੋਂ ਇਲਾਵਾ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ, ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ, ਸ਼ਟਲਰ ਪੀ. ਵੀ. ਸਿੰਧੂ, ਮੁੱਕੇਬਾਜ਼ ਮੈਰੀਕਾਮ ਅਤੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦੇ ਵੀ ਮੌਜੂਦ ਰਹਿਣ ਦੀ ਉਮੀਦ ਹੈ। ਕੈਬ ਮੁਤਾਬਕ ਮੈਚ ਦੇ ਪਹਿਲੇ ਦੋ ਦਿਨਾਂ 'ਚ ਭਾਰਤੀ ਟੀਮ ਦੇ ਸਾਬਕਾ ਕਪਤਾਨਾਂ ਨੂੰ ਵੀ ਖਾਸ ਸੱਦਾ ਭੇਜਿਆ ਗਿਆ ਹੈ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਵੀ ਇੱਥੇ ਆਉਣ ਦੀ ਉਮੀਦ ਹੈ ਜਦਕਿ ਕ੍ਰਿਕਟ ਸੰਘ ਐੱਚ. ਆਈ. ਵੀ. ਪੀੜਤ ਬੱਚਿਆਂ ਲਈ ਚੈਰਿਟੀ ਮੈਚ ਵੀ ਆਯੋਜਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ।