ਪਾਕਿਸਤਾਨ ਵਿਚ ਨਹੀਂ ਹੋਵੇਗਾ ਡੇਵਿਸ ਕੱਪ ਮੁਕਾਬਲਾ
Tuesday, Nov 05, 2019 - 04:00 AM (IST)

ਨਵੀਂ ਦਿੱਲੀ— ਕਈ ਦਿਨਾਂ ਦੀਆਂ ਅਟਕਲਾਂ ਤੋਂ ਬਾਅਦ ਇੰਟਰਨੈਸ਼ਨਲ ਟੈਨਿਸ ਫੈੱਡਰੇਸ਼ਨ (ਆਈ. ਟੀ. ਐੱਫ.) ਨੇ ਸੋਮਵਾਰ ਨੂੰ ਪਾਕਿਸਤਾਨ ਵਿਚ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਨੂੰ ਕਿਸੇ ਹੋਰ ਦੇਸ਼ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦਾ ਕਾਰਣ ਉਸ ਨੇ ਖਿਡਾਰੀਆਂ ਤੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਪਹਿਲ ਦੱਸਿਆ ਹੈ। ਆਈ. ਟੀ. ਐੱਫ. ਨੂੰ ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ.) ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦਿਆਂ 29-30 ਨਵੰਬਰ ਦੇ ਮੁਕਾਬਲੇ ਨੂੰ ਕਿਸੇ ਹੋਰ ਦੇਸ਼ ਵਿਚ ਕਰਵਾਉਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਅੱਜ ਮੰਨ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਤੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਦੇ ਫੈਸਲੇ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਵਧਿਆ ਹੋਇਆ ਹੈ। ਹੁਣ ਪਾਕਿਸਤਾਨ ਨੂੰ 5 ਦਿਨਾਂ ਦੇ ਅੰਦਰ-ਅੰਦਰ ਨਵੀਂ ਜਗ੍ਹਾ ਦੇ ਬਾਰੇ ਵਿਚ ਜਵਾਬ ਦੇਣਾ ਪਵੇਗਾ।