ਬੇਟੀ ਨੇ ਵ੍ਹਟਸਐਪ 'ਤੇ ਭੇਜਿਆ ਜਿੱਤ ਦਾ ਮੈਸੇਜ, ਪਿਤਾ ਨੇ ਸਮਝਿਆ ਮਜ਼ਾਕ

01/14/2018 2:06:06 AM

ਜਲੰਧਰ— ਤੁਰਕੀ 'ਚ ਕੌਮਾਂਤਰੀ ਸਕੀਇੰਗ ਮਹਾਸੰਘ (ਐੱਫ. ਆਈ. ਐੱਸ.) ਵਲੋਂ ਕਰਵਾਏ ਗਏ ਐਲਪਾਈਨ ਐਕਾਰ 3200 ਕੱਪ ਟੂਰਨਾਮੈਂਟ ਦੀ ਸਕੀਇੰਗ ਪ੍ਰਤੀਯੋਗਿਤਾ 'ਚ ਕਾਂਸੀ ਤਮਗਾ ਜਿੱਤਣ ਵਾਲੀ ਆਂਚਲ ਦੇ ਪਿਤਾ ਰੌਸ਼ਨ ਠਾਕੁਰ ਨੂੰ ਬੇਟੀ ਦੀ ਜਿੱਤ 'ਤੇ ਕੁਝ ਸਮੇਂ ਲਈ ਯਕੀਨ ਹੀ ਨਹੀਂ ਆਇਆ ਸੀ।
ਦਰਅਸਲ, ਮਨਾਲੀ 'ਚ ਰਹਿੰਦੀ 21 ਸਾਲਾ ਆਂਚਲ ਨੇ ਤੁਰਕੀ ਦੇ ਐਰਜੁਰੂਮ ਸਥਿਤ ਪਾਲਨਡੋਕੇਨ ਸਕੀਅ ਸੈਂਟਰ 'ਚ ਸਲਾਲਮ ਵਰਗ ਰੇਸ 'ਚ ਤਮਗਾ ਜਿੱਤਣ ਤੋਂ ਬਾਅਦ ਵ੍ਹਟਸਐਪ 'ਤੇ ਪਿਤਾ ਨੂੰ ਇਹ ਖਬਰ ਦਿੱਤੀ ਸੀ। ਆਂਚਲ ਦੇ ਪਿਤਾ, ਜਿਹੜੇ ਕਿ ਵਿੰਟਰ ਗੇਮਜ਼ ਫੈੱਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਵੀ ਹਨ, ਨੇ ਇਹ ਫੋਟੋ ਦੇਖ ਕੇ ਸਮਝਿਆ ਕਿ ਸ਼ਾਇਦ ਐੱਫ. ਆਈ. ਐੱਚ. ਹਰ ਮੁਕਾਬਲੇਬਾਜ਼ ਨੂੰ ਮੋਮੈਂਟੋ ਦਿੰਦਾ ਹੋਵੇਗਾ ਪਰ ਜਦੋਂ ਆਂਚਲ ਨੇ ਦੱਸਿਆ ਕਿ ਉਹ ਕਾਂਸੀ ਤਮਗਾ ਜਿੱਤ ਗਈ ਹੈ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਇਹ ਅਵਿਸ਼ਵਾਸਯੋਗ ਸੀ। ਆਂਚਲ ਨੇ ਇਤਿਹਾਸ ਰਚਿਆ ਹੈ। ਵਿੰਟਰ ਓਲੰਪਿਕ ਲਈ ਉਸ ਨੇ ਭਾਰਤ ਦੀ ਉਮੀਦ ਵੀ ਜਗਾਈ ਹੈ। ਉਥੇ ਹੀ ਸ਼ਨੀਵਾਰ ਨੂੰ ਆਂਚਲ ਦੇ ਕੁੱਲੂ ਪਹੁੰਚਣ 'ਤੇ ਉਸ ਦਾ ਹਿਮਾਚਲ ਦੇ ਮੰਤਰੀ ਗੋਵਿੰਦ ਠਾਕੁਰ ਨੇ ਸ਼ਾਨਦਾਰ ਸਵਾਗਤ ਕੀਤਾ। ਉਸ ਨੇ ਕਿਹਾ ਕਿ ਆਂਚਲ ਦੀ ਮੰਗ 'ਤੇ ਸਕੀਇੰਗ ਲਈ ਸਰਕਾਰ ਸਾਰੀਆਂ ਸਹੂਲਤਾਂ ਦੇਵੇਗੀ।
ਲੋਕਾਂ ਨੂੰ ਸਕੀਇੰਗ ਤਕ ਬੋਲਣਾ ਨਹੀਂ ਆਉਂਦੈ
ਆਂਚਲ ਨੇ ਦੱਸਿਆ ਕਿ ਭਾਰਤ 'ਚ ਸਕੀਇੰਗ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਕਈ ਤਾਂ ਅਜਿਹੇ ਹਨ, ਜਿਨ੍ਹਾਂ ਨੂੰ ਸਕੀਇੰਗ ਕਹਿਣਾ ਨਹੀਂ ਆਉਂਦਾ। ਉਹ ਵਾਰ-ਵਾਰ ਸਕਾਈ ਜਾਂ ਕੁਝ ਹੋਰ ਸ਼ਬਦ ਬੋਲਦੇ ਹਨ। 2 ਮਿੰਟ ਤਾਂ ਉਨ੍ਹਾਂ ਨੂੰ ਸਕੀਇੰਗ ਸ਼ਬਦ ਸਮਝਣ 'ਚ ਹੀ ਲੱਗ ਜਾਂਦੇ ਹਨ। ਉਂਝ ਵੀ ਇਹ ਮਹਿੰਗੀ ਖੇਡ ਹੈ। ਸਕੀਇੰਗ ਦੇ ਪੇਅਰ ਹੀ ਭਾਰਤ 'ਚ 90 ਹਜ਼ਾਰ ਦੇ ਮਿਲਦੇ ਹਨ। ਜੇਕਰ ਤੁਸੀਂ ਪੇਅਰ ਸਣੇ ਪੂਰੀ ਕਿੱਟ ਤਿਆਰ ਕਰਨੀ ਹੈ ਤਾਂ ਉਸ 'ਤੇ ਵੀ 8 ਲੱਖ ਤੋਂ ਵੱਧ ਦਾ ਖਰਚ ਆਉਂਦਾ ਹੈ। ਤੁਰਕੀ 'ਚ ਤਮਗਾ ਸਖਤ ਮਿਹਨਤ ਦਾ ਨਤੀਜਾ ਹੈ। ਮਹੀਨਿਆਂ ਦੀ ਟ੍ਰੇਨਿੰਗ ਦਾ ਆਖਿਰਕਾਰ ਕਾਂਸੀ ਤਮਗੇ ਦੇ ਰੂਪ 'ਚ ਫਲ ਮਿਲਿਆ ਹੈ।
ਸਰਕਾਰ ਖਿਡਾਰੀਆਂ ਦੀ ਸਾਰ ਲਵੇ
ਠਾਕੁਰ ਨੇ ਉਮੀਦ ਪ੍ਰਗਟਾਈ ਕਿ ਆਂਚਲ ਦੇ ਤਮਗਾ ਜਿੱਤਣ 'ਤੇ ਭਾਰਤ ਸਰਕਾਰ ਵਿੰਟਰ ਓਲੰਪਿਕ ਲਈ ਤਿਆਰੀ ਕਰ ਰਹੇ ਖਿਡਾਰੀਆਂ ਦੀ ਆਰਥਿਕ ਤੌਰ 'ਤੇ ਹੌਸਲਾ-ਅਫਜ਼ਾਈ ਕਰੇਗੀ, ਹਾਲਾਂਕਿ ਅਜੇ ਤਕ ਓਲੰਪਿਕ ਅਥਾਰਟੀ ਖਿਡਾਰੀਆਂ ਦੇ ਆਉਣ-ਜਾਣ, ਰੱਖ-ਰਖਾਅ ਦੀ ਜ਼ਿੰਮੇਵਾਰੀ ਲੈਂਦੀ ਰਹੀ ਹੈ ਪਰ ਉਸ ਨੂੰ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਨਿਖਾਰਨ ਲਈ ਵੀ ਕਦਮ ਚੁੱਕਣੇ ਚਾਹੀਦੇ ਹਨ। ਭਾਰਤ ਵਿਚ ਅਜੇ ਸਕੀਇੰਗ ਲਈ ਮੁੱਢਲੀਆਂ ਸਹੂਲਤਾਂ ਘੱਟ ਹਨ। ਅਜਿਹੀ ਸਥਿਤੀ 'ਚ ਬੇਟੀ ਨੂੰ ਆਪਣੇ ਖਰਚੇ 'ਤੇ 7ਵੀਂ ਕਲਾਸ ਤੋਂ ਹੀ ਅਮਰੀਕਾ, ਨਿਊਜ਼ੀਲੈਂਡ, ਯੂਰਪ ਤੇ ਕੋਰੀਆ 'ਚ ਟ੍ਰੇਨਿੰਗ ਲਈ ਭੇਜਿਆ।


Related News