ਗੇਂਦ ਨਾਲ ਛੇੜਛਾੜ ਦੀ ਯੋਜਨਾ ''ਚ ਅੱਖਾਂ ਬੰਦ ਕਰ ਲਈਆਂ ਸਨ ਸਮਿਥ ਨੇ : ਲੀਮਨ
Thursday, Dec 27, 2018 - 01:24 PM (IST)

ਮੈਲਬੋਰਨ— ਗੇਂਦ ਨਾਲ ਛੇੜਛਾੜ ਦੇ ਮਾਮਲੇ ਦੇ ਦੌਰਾਨ ਆਸਟਰੇਲੀਆਈ ਟੀਮ ਦੇ ਕੋਚ ਡੇਰੇਨ ਲੀਮਨ ਦਾ ਮੰਨਣਾ ਹੈ ਕਿ ਕੇਪਟਾਊਨ 'ਚ ਜਦੋਂ ਇਸ ਦੀ ਯੋਜਨਾ ਬਣ ਰਹੀ ਸੀ ਉਸ ਸਮੇਂ ਦੇ ਕਪਤਾਨ ਸਟੀਵ ਸਮਿਥ ਨੂੰ ਅੱਖਾਂ ਨਹੀਂ ਬੰਦ ਕਰਨੀਆਂ ਚਾਹੀਦੀਆਂ ਸਨ। ਸਮਿਥ ਅਤੇ ਉਪ ਕਪਤਾਨ ਡੇਵਿਡ ਵਾਰਨਰ 'ਤੇ ਇਕ ਸਾਲ ਦੀ ਪਾਬੰਦੀ ਲੱਗਣ ਦੇ ਬਾਅਦ ਲੀਮਨ ਨੇ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੈਮਰਨ ਬੇਨਕ੍ਰਾਫਟ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਉਨ੍ਹਾਂ 'ਤੇ 9 ਮਹੀਨਿਆਂ ਦਾ ਬੈਨ ਲੱਗਾ ਸੀ ਜੋ ਸ਼ਨੀਵਾਰ ਨੂੰ ਖਤਮ ਹੋ ਰਿਹਾ ਹੈ। ਸਮਿਥ ਅਤੇ ਵਾਰਨਰ ਨੂੰ ਮਾਰਚ ਤਕ ਇੰਤਜ਼ਾਰ ਕਰਨਾ ਹੋਵੇਗਾ।
ਲੀਮਨ ਨੇ ਕਿਹਾ, ''ਸਮਿਥ ਨੇ ਇਸ ਯੋਜਨਾ 'ਤੇ ਅੱਖਾਂ ਬੰਦ ਕਰਨ ਦਾ ਫੈਸਲਾ ਕੀਤਾ। ਉਹ ਦੇਸ਼ ਦਾ ਕਪਤਾਨ ਸੀ ਅਤੇ ਉਸ ਦਾ ਇਸ 'ਤੇ ਕੰਟਰੋਲ ਹੋਣਾ ਚਾਹੀਦਾ ਸੀ।'' ਉਨ੍ਹਾਂ ਕਿਹਾ, ''ਮੈਂ ਅਜੇ ਵੀ ਦੇਸ਼ ਦੀ ਕਪਤਾਨੀ ਕਰਨ ਦੇ ਦਬਾਅ ਨੂੰ ਨਹੀਂ ਸਮਝ ਸਕਿਆ ਹਾਂ। ਇਹ ਕਾਫੀ ਜ਼ਿਆਦਾ ਹੋਵੇਗਾ।'' ਲੀਮਨ ਨੇ ਕਿਹਾ ਕਿ ਬੇਨਕ੍ਰਾਫਟ ਨੂੰ ਜਦੋਂ ਗੇਂਦ ਦੀ ਸ਼ਕਲ ਵਿਗਾੜਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੂੰ ਇਸ ਬਾਰੇ 'ਚ ਸਹਿਯੋਗੀ ਸਟਾਫ ਨੂੰ ਦੱਸਣਾ ਚਾਹੀਦਾ ਸੀ। ਉਨ੍ਹਾਂ ਕਿਹਾ, ''ਹਾਂ, ਉਸ ਨੂੰ ਸਾਡੇ ਕੋਲ ਆਉਣਾ ਚਾਹੀਦਾ ਸੀ। ਇਨ੍ਹਾਂ ਖਿਡਾਰੀਆਂ ਨੇ ਵੱਡੀ ਗਲਤੀ ਕੀਤੀ ਜਿਸ ਦਾ ਕਈ ਲੋਕਾਂ ਨੂੰ ਖਾਮਿਆਜ਼ਾ ਭੁਗਤਨਾ ਪਿਆ। ਅਸੀਂ ਜਾਣਦੇ ਹਾਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਪਰ ਅਜਿਹਾ ਹੋਇਆ।''