ਸੰਨਿਆਸ ਦੇ ਬਾਅਦ ਡੇਲ ਸਟੇਨ ਦਾ ਬਿਆਨ- ਭਾਰਤ ''ਚ ਹੁੰਦੈ ਹਾਲੀਵੁੱਡ ਜਾਂ ਬਾਲੀਵੁੱਡ ਸਟਾਰ ਵਰਗਾ ਵਿਵਹਾਰ

09/01/2021 4:19:16 PM

ਸਪੋਰਟਸ ਡੈਸਕ- ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਦੱਖਣੀ ਅਫ਼ਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਭਾਰਤ 'ਚ ਖੇਡਣ ਦੌਰਾਨ ਆਪਣੇ 'ਫ਼ਿਲਮੀ ਸਟਾਰ' ਜਿਹੇ ਤਜਰਬੇ ਨੂੰ ਯਾਦ ਕੀਤਾ। ਇਸ 38 ਸਾਲਾ ਸਾਬਕਾ ਮਹਾਨ ਗੇਂਦਬਾਜ਼ ਨੇ ਭਾਰਤ 'ਚ ਕਾਫ਼ੀ ਕੌਮਾਂਤਰੀ ਮੈਚ ਸਮੇਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) 'ਚ ਵੀ ਖੇਡਿਆ ਹੈ। ਉਨ੍ਹਾਂ ਨੇ ਆਪਣਾ ਆਖ਼ਰੀ ਆਈ. ਪੀ. ਐੱਲ ਮੈਚ 2019 'ਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਲਈ ਖੇਡਿਆ ਸੀ।

ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਇਸ ਦੱਖਣੀ ਅਫ਼ਰੀਕੀ ਸਾਬਕਾ ਕ੍ਰਿਕਟਰ ਨੇ ਕਿਹਾ, ਭਾਰਤ ਕ੍ਰੇਜ਼ੀ ਹੈ! ਇਹ ਇਕ ਰਾਕ ਸਟਾਰ ਦੀ ਤਰ੍ਹਾਂ ਮਹਿਸੂਸ ਕਰਨ ਦੇ ਕਰੀਬ ਹੈ। ਤੁਹਾਡੇ ਨਾਲ ਹਾਲੀਵੁੱਡ ਜਾਂ ਬਾਲੀਵੁੱਡ ਸਟਾਰ ਦੀ ਤਰ੍ਹਾਂ ਵਿਵਹਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ, ਤੁਸੀਂ ਹਵਾਈ ਅੱਡੇ 'ਤੇ ਜਾਂਦੇ ਹੋ ਤੇ ਲੋਕ ਤੁਹਾਨੂੰ ਘੇਰ ਲੈਂਦੇ ਹਨ, ਤੁਸੀਂ ਅਭਿਆਸ ਕਰਨ ਜਾਂਦੇ ਹੋ ਤੇ 10,000 ਪ੍ਰਸ਼ੰਸਕ ਦੇਖ ਰਹੇ ਹੁੰਦੇ ਹਨ। 

ਸਟੇਨ ਨੇ ਮੰਗਲਵਾਰ ਨੂੰ ਕ੍ਰਿਕਟ ਦੇ ਸਾਰੇ ਫ਼ਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ 93 ਟੈਸਟ (439 ਵਿਕਟਾਂ), 125 ਵਨ-ਡੇ (196 ਵਿਕਟਾਂ) ਤੇ 47 ਟੀ-20 ਕੌਮਾਂਤਰੀ (64 ਵਿਕਟਾਂ) ਮੈਚ ਖੇਡੇ ਹਨ। ਕਈ ਸੱਟਾਂ ਦੇ ਬਾਅਦ ਆਪਣੇ ਕਰੀਅਰ ਨੂੰ ਲੰਬਾ ਖਿੱਚਦੇ ਹੋਏ ਸਟੇਨ ਨੇ 2019 'ਚ ਟੈਸਟ ਕ੍ਰਿਕਟ ਤੋਂ ਪਹਿਲਾ ਹੀ ਸੰਨਿਆਸ ਲੈ ਲਿਆ ਸੀ। ਉਨ੍ਹਾਂ ਦਾ ਆਖ਼ਰੀ ਵਨ-ਡੇ 2019 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਸੀ ਜਦਕਿ ਪਿਛਲੇ ਸਾਲ ਫ਼ਰਵਰੀ 'ਚ ਆਸਟਰੇਲੀਆ ਖ਼ਿਲਾਫ਼ ਟੀ-20 ਮੈਚ ਉਨ੍ਹਾਂ ਦਾ ਆਖ਼ਰੀ ਕੌਮਾਂਤਰੀ ਮੈਚ ਸੀ।


Tarsem Singh

Content Editor

Related News