ਰੋਨਾਲਡੋ ਨੇ ਰਚਿਆ ਇਤਿਹਾਸ, ਏਸ਼ੀਆਈ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ
Thursday, Jun 23, 2022 - 03:50 PM (IST)
ਨਵੀਂ ਦਿੱਲੀ (ਏਜੰਸੀ)- ਰੋਨਾਲਡੋ ਸਿੰਘ ਨੇ ਬੁੱਧਵਾਰ ਨੂੰ ਇੱਥੇ ਏਸ਼ਿਆਈ ਟਰੈਕ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਸੀਨੀਅਰ ਸਪ੍ਰਿੰਟ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਇਤਿਹਾਸ ਰਚ ਦਿੱਤਾ। ਉਹ ਮਹਾਂਦੀਪੀ ਟੂਰਨਾਮੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਸਾਈਕਲਿਸਟ ਬਣ ਗਏ। ਰੋਨਾਲਡੋ ਦੀ ਇਹ ਪ੍ਰਾਪਤੀ ਮਹਾਂਦੀਪੀ ਚੈਂਪੀਅਨਸ਼ਿਪ ਵਿੱਚ ਕਿਸੇ ਭਾਰਤੀ ਸਾਈਕਲਿਸਟ ਦਾ ਸਰਵੋਤਮ ਪ੍ਰਦਰਸ਼ਨ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਅਨੁਭਵੀ ਜਾਪਾਨੀ ਰਾਈਡਰ ਕੇਂਟੋ ਯਾਮਾਸਾਕੀ ਨੂੰ ਚੁਣੌਤੀ ਦਿੱਤੀ ਪਰ ਦੂਜਾ ਸਥਾਨ ਹੀ ਹਾਸਲ ਕਰ ਸਕੇ। ਯਾਮਾਸਾਕੀ ਨੇ ਲਗਾਤਾਰ ਰੇਸ ਵਿੱਚ ਰੋਨਾਲਡੋ ਨੂੰ ਪਛਾੜ ਕੇ ਪੋਡੀਅਮ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ। ਕਜ਼ਾਕਿਸਤਾਨ ਦੇ ਆਂਦਰੇ ਚੁਗੇ ਨੇ ਇਸ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ।
ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਓਂਕਾਰ ਸਿੰਘ ਨੇ ਪੀ.ਟੀ.ਆਈ. ਨੂੰ ਦੱਸਿਆ, 'ਇਹ (ਰੋਨਾਲਡੋ ਦਾ ਚਾਂਦੀ ਦਾ) ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਿਸੇ ਭਾਰਤੀ ਦਾ ਪਹਿਲਾ ਚਾਂਦੀ ਦਾ ਤਮਗਾ ਸੀ। ਸਾਡੇ ਇਤਿਹਾਸ ਵਿੱਚ ਕਿਸੇ ਵੀ ਭਾਰਤੀ ਨੇ ਸੋਨ ਤਮਗਾ ਨਹੀਂ ਜਿੱਤਿਆ ਹੈ, ਇਸ ਲਈ ਉਨ੍ਹਾਂ ਦਾ ਚਾਂਦੀ ਦਾ ਤਮਗਾ ਜਿੱਤਣਾ ਕਿਸੇ ਭਾਰਤੀ ਦਾ ਮਹਾਂਦੀਪੀ ਚੈਂਪੀਅਨਸ਼ਿਪ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਹੈ।' ਸਿੰਘ ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਵੀ ਹਨ। ਚੈਂਪੀਅਨਸ਼ਿਪ ਵਿੱਚ ਰੋਨਾਲਡੋ ਦਾ ਇਹ ਤੀਜਾ ਤਮਗਾ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ 1 ਕਿਲੋਮੀਟਰ ਟਾਈਮ ਟਰਾਇਲ ਅਤੇ ਟੀਮ ਸਪ੍ਰਿੰਟ ਮੁਕਾਬਲਿਆਂ ਵਿੱਚ ਕਾਂਸੀ ਦੇ ਤਮਗੇ ਜਿੱਤੇ ਸੀ।
ਇਹ ਵੀ ਪੜ੍ਹੋ: ਕਦੇ ਤੇਜ਼ ਦਰਦ ਨਾਲ ਕਰਾਹ ਉੱਠਦੇ ਸੀ ਡੈਨੀਅਲ, ਹੁਣ 3182 ਪੁਸ਼ਅਪਸ ਮਾਰ ਬਣਾਇਆ ਗਿਨੀਜ਼ ਵਰਲਡ ਰਿਕਾਰਡ
ਰੋਨਾਲਡੋ ਨੇ ਕਿਹਾ, 'ਮੇਰੇ ਦਿਮਾਗ਼ 'ਚ ਸੋਨ ਤਮਗਾ ਸੀ ਪਰ ਫਿਰ ਵੀ ਮੈਂ ਖੁਸ਼ ਹਾਂ, ਕਿਉਂਕਿ ਇਹ ਮੇਰਾ ਪਹਿਲਾ ਚਾਂਦੀ ਦਾ ਤਮਗਾ ਹੈ। ਇਹ ਮੇਰੇ ਕਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਹਰ ਟੂਰਨਾਮੈਂਟ ਵਿੱਚ ਮੇਰੀ ਤਕਨੀਕ ਵਿੱਚ ਸੁਧਾਰ ਹੋਇਆ ਹੈ, ਇਹੀ ਸਭ ਤੋਂ ਅਹਿਮ ਗੱਲ ਹੈ।' ਜਾਪਾਨ 18 ਸੋਨ, ਸੱਤ ਚਾਂਦੀ ਅਤੇ ਦੋ ਕਾਂਸੀ ਦੇ ਨਾਲ ਸੰਯੁਕਤ ਤਮਗਾ ਸੂਚੀ ਵਿੱਚ ਸਿਖ਼ਰ 'ਤੇ ਰਿਹਾ। ਭਾਰਤੀ ਸਾਈਕਲਿੰਗ ਟੀਮ ਵਿਸ਼ਵ ਪੱਧਰੀ ਖੇਤਰ ਵਿੱਚ 23 ਤਮਗੇ (ਦੋ ਸੋਨ, ਛੇ ਚਾਂਦੀ ਅਤੇ 15 ਕਾਂਸੀ) ਦੇ ਨਾਲ ਪੰਜਵੇਂ ਸਥਾਨ 'ਤੇ ਰਹੀ। ਕੋਰੀਆ 12 ਸੋਨ, 14 ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗਿਆਂ ਨਾਲ ਦੂਜੇ ਸਥਾਨ 'ਤੇ ਰਿਹਾ, ਜਦਕਿ ਕਜ਼ਾਕਿਸਤਾਨ ਚਾਰ ਸੋਨ, ਚਾਰ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗਿਆਂ ਨਾਲ ਤੀਜੇ ਸਥਾਨ 'ਤੇ ਰਿਹਾ।
ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਵਿਨਾਸ਼ਕਾਰੀ ਭੂਚਾਲ ਕਾਰਨ 1000 ਤੋਂ ਵੱਧ ਮੌਤਾਂ, ਤਾਲਿਬਾਨ ਨੇ ਮੰਗੀ ਅੰਤਰਰਾਸ਼ਟਰੀ ਮਦਦ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।