CWG 2022 : ਪੰਜਾਬ ਦੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ 'ਚ ਜਿੱਤਿਆ ਕਾਂਸੀ ਦਾ ਤਮਗ਼ਾ
Wednesday, Aug 03, 2022 - 05:12 PM (IST)
ਸਪੋਰਟਸ ਡੈਸਕ- ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਝੋਲੀ 'ਚ 14 ਤਮਗ਼ਾ ਆਇਆ ਹੈ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ 'ਚ ਪੁਰਸ਼ਾਂ ਦੀ 109 ਕਿਲੋਗ੍ਰਾਮ ਕੈਟੇਗਰੀ 'ਚ ਭਾਰਤ ਨੂੰ ਕਾਂਸੀ ਦਾ ਤਮਗ਼ਾ ਜਿਤਾਇਆ ਹੈ। ਲਵਪ੍ਰੀਤ ਨੇ ਸਨੈਚ ਵਿੱਚ 163 ਕਿਲੋਗ੍ਰਾਮ ਭਾਰ ਅਤੇ ਕਲੀਨ ਐਂਡ ਜਰਕ ਵਿੱਚ 192 ਕਿਲੋਗ੍ਰਾਮ ਭਾਰ ਚੁੱਕ ਕੇ ਕੁੱਲ 355 ਕਿਲੋਗ੍ਰਾਮ ਭਾਰ ਚੁੱਕਿਆ। ਉਸ ਨੇ ਕਲੀਨ ਐਂਡ ਜਰਕ ਦਾ ਨਵਾਂ ਰਾਸ਼ਟਰੀ ਰਿਕਾਰਡ ਵੀ ਕਾਇਮ ਕੀਤਾ। ਇਸ ਦੇ ਨਾਲ ਹੀ ਭਾਰਤ ਨੇ ਵੇਟਲਿਫਟਿੰਗ ਵਿੱਚ 3 ਸੋਨ, 3 ਚਾਂਦੀ ਅਤੇ ਇੰਨੇ ਹੀ ਕਾਂਸੀ ਦੇ ਤਮਗ਼ਿਆਂ ਦੇ ਨਾਲ 9 ਤਮਗ਼ੇ ਜਿੱਤੇ ਹਨ। ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਇਹ 14ਵਾਂ ਤਮਗਾ ਹੈ।
ਇਹ ਵੀ ਪੜ੍ਹੋ : ਮਲਿਕਾ ਹਾਂਡਾ ਦੇ ਸੁਫ਼ਨਿਆਂ ਨੂੰ ਪਵੇਗਾ ਬੂਰ, ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਦਿੱਤਾ ਇਹ ਭਰੋਸਾ
ਕੈਮਰੂਨ ਦੇ ਵੇਟਲਿਫਟਰ ਪੇਰੀਕਲੇਕਸ ਨਯਾਬੇਊ ਜੂਨੀਅਰ ਨੇ ਕੁੱਲ 361 ਕਿਲੋਗ੍ਰਾਮ ਭਾਰ ਚੁੱਕ ਕੇ (ਸਨੈਚ ਵਿੱਚ 160 ਅਤੇ ਕਲੀਨ ਐਂਡ ਜਰਕ ਵਿੱਚ 201) ਸੋਨ ਤਮਗ਼ਾ ਜਿੱਤਿਆ। ਸਮੁਆ ਦੇ ਵੇਟਲਿਫਟਰ ਜੈਕ ਹਿਟਿਲਾ ਓਪਲੋਗੇ ਨੇ ਦੂਜੇ ਸਥਾਨ 'ਤੇ ਰਹਿ ਕੇ ਚਾਂਦੀ ਦਾ ਤਮਗਾ ਜਿੱਤਿਆ। ਉਸਨੇ ਸਨੈਚ ਵਿੱਚ 164 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿੱਚ 194 ਕਿਲੋਗ੍ਰਾਮ ਸਮੇਤ ਕੁੱਲ 358 ਕਿਲੋਗ੍ਰਾਮ ਭਾਰ ਚੁੱਕਿਆ।
ਲਵਪ੍ਰੀਤ ਨੇ ਸਨੈਚ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 157 ਕਿਲੋਗ੍ਰਾਮ ਭਾਰ ਚੁੱਕਿਆ। ਲਵਪ੍ਰੀਤ ਨੇ ਸਨੈਚ ਵਿੱਚ ਆਪਣੀ ਦੂਜੀ ਕੋਸ਼ਿਸ਼ ਵਿੱਚ 161 ਕਿਲੋਗ੍ਰਾਮ ਅਤੇ ਆਖਰੀ ਕੋਸ਼ਿਸ਼ ਵਿੱਚ 163 ਕਿਲੋਗ੍ਰਾਮ ਭਾਰ ਚੁੱਕਿਆ। ਸਨੈਚ ਰਾਊਂਡ ਖਤਮ ਹੋਣ ਤੋਂ ਬਾਅਦ ਲਵਪ੍ਰੀਤ ਤੀਜੇ ਸਥਾਨ 'ਤੇ ਰਿਹਾ।
ਭਾਰਤ ਦੇ ਲਵਪ੍ਰੀਤ ਸਿੰਘ ਨੇ ਵੇਟਲਿਫਟਿੰਗ ਦੇ 109 ਕਿਲੋਗ੍ਰਾਮ ਭਾਰ ਵਰਗ ਵਿੱਚ ਸਨੈਚ ਰਾਊਂਡ ਦੀ ਪਹਿਲੀ ਕੋਸ਼ਿਸ਼ ਵਿੱਚ 185 ਕਿਲੋਗ੍ਰਾਮ ਭਾਰ ਚੁੱਕਿਆ। ਇਸ ਦੇ ਨਾਲ ਹੀ ਉਸ ਨੇ ਕਲੀਨ ਐਂਡ ਜਰਕ ਦੀ ਦੂਜੀ ਕੋਸ਼ਿਸ਼ ਵਿੱਚ 189 ਕਿਲੋ ਭਾਰ ਚੁੱਕਿਆ। ਤੀਜੀ ਕੋਸ਼ਿਸ਼ ਵਿੱਚ ਉਸ ਨੇ 192 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਕੁੱਲ 355 ਕਿਲੋਗ੍ਰਾਮ ਭਾਰ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।