CWG 2022, INDW v PAKW : ਸਮ੍ਰਿਤੀ ਦਾ ਅਰਧ ਸੈਂਕੜਾ, ਭਾਰਤ ਨੇ ਪਾਕਿ ਨੂੰ 8 ਵਿਕਟਾਂ ਨਾਲ ਹਰਾਇਆ

Sunday, Jul 31, 2022 - 07:18 PM (IST)

CWG 2022, INDW v PAKW : ਸਮ੍ਰਿਤੀ ਦਾ ਅਰਧ ਸੈਂਕੜਾ, ਭਾਰਤ ਨੇ ਪਾਕਿ ਨੂੰ 8 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ- ਭਾਰਤੀ ਮਹਿਲਾ ਟੀਮ ਤੇ ਪਾਕਿਸਤਾਨੀ ਮਹਿਲਾ ਟੀਮਾ ਦਰਮਿਆਨ ਕਾਮਨਵੈਲਥ ਗੇਮਜ਼ (ਰਾਸ਼ਟਰਮੰਡਲ ਖੇਡਾਂ) 2022 ਦੇ ਤਹਿਤ ਗਰੁੱਪ ਏ ਦਾ 5ਵਾਂ ਮੈਚ ਬਰਮਿੰਘਮ ਦੇ ਐਜਬੈਸਟਨ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ 8 ਨਾਲ ਹਰਾ ਦਿੱਤਾ ਹੈ। ਮੀਂਹ ਕਾਰਨ ਟਾਸ ਦੇਰੀ ਨਾਲ ਹੋਈ। ਇਸ ਕਾਰਨ ਇਹ ਮੈਚ 20-20 ਓਵਰਾਂ ਦੀ ਬਜਾਏ 18-18 ਓਵਰਾਂ ਦਾ ਕਰ ਦਿੱਤਾ ਗਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਨੇ ਨਿਰਧਾਰਤ 18 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 99 ਦੌੜਾਂ ਬਣਾਈਆਂ। ਇਸ ਤਰ੍ਹਾਂ ਪਾਕਿਸਤਾਨ ਨੇ ਭਾਰਤ ਨੂੰ 100 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 11.4 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 102 ਦੌੜਾਂ ਬਣਾ ਕੇ ਅੱਠ ਵਿਕਟਾਂ ਨਾਲ ਮੈਚ ਜਿੱਤ ਲਿਆ ਹੈ। ਭਾਰਤ ਵਲੋਂ ਸਮ੍ਰਿਤੀ ਮੰਧਾਨਾ ਨੇ ਅਜੇਤੂ ਰਹਿੰਦੇ ਹੋਏ 8 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 63 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਤੋਂ ਇਲਾਵਾ ਜੇਮਿਮਾ ਨੇ ਵੀ ਅਜੇਤੂ ਰਹਿੰਦੇ ਹੋਏ 2 ਦੌੜਾਂ ਦੀ ਪਾਰੀ ਖੇਡੀ। ਭਾਰਤ ਵਲੋਂ ਸ਼ੇਫਾਲੀ ਵਰਮਾ 16 ਦੌੜਾਂ ਤੇ ਮੇਘਨਾ 14 ਦੌੜ ਬਣਾ ਆਊਟ ਹੋਈਆਂ।

ਇਹ ਵੀ ਪੜ੍ਹੋ : CWG 2022 : ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਹੁਣ ਜੇਰੇਮੀ ਲਾਲਰਿਨੁੰਗਾ ਨੇ ਜਿੱਤਿਆ ਸੋਨ ਤਮਗਾ

ਪਾਕਿਸਤਾਨੀ ਮਹਿਲਾ ਟੀਮ ਨੂੰ ਪਹਿਲਾ ਝਟਕਾ ਉਦੋਂ ਲੱਗਾ ਉਸ ਦੀ ਸਲਾਮੀ ਬੱਲੇਬਾਜ਼ ਇਰਾਮ ਜਾਵੇਦ ਬਿਨਾ ਖ਼ਾਤਾ ਖੋਲੇ ਮੇਘਨਾ ਸਿੰਘ ਦੀ ਗੇਂਦ 'ਤੇ ਯਸਤਿਕਾ ਭਾਟੀਆ ਨੂੰ ਕੈਚ ਦੇ ਬੈਠੀ ਤੇ ਪਵੇਲੀਅਨ ਪਰਤ ਗਈ।ਇਸ ਤੋਂ ਬਾਅਦ ਪਾਕਿਸਤਾਨ ਦੀ ਦੂਜੀ ਵਿਕਟ ਕਪਤਾਨ ਬਿਸਮਾਹ ਮਾਰੂਫ ਦੇ ਤੌਰ 'ਤੇ ਡਿੱਗੀ। ਬਿਸਮਾਹ 17 ਦੌੜਾਂ ਦੇ ਨਿੱਜੀ ਸਕੋਰ 'ਤੇ ਸਨੇਹ ਰਾਣਾ ਵਲੋਂ ਐੱਲ. ਬੀ. ਡਬਲਯੂ. ਆਊਟ ਹੋਈ। ਪਾਕਿਸਤਾਨ ਨੂੰ ਤੀਜਾ ਝਟਕਾ ਮੁਨੀਬਾ ਅਲੀ ਦੇ ਆਊਟ ਹੋਣ ਨਾਲ ਲੱਗਾ। ਮੁਨੀਬਾ 32 ਦੌੜਾਂ ਬਣਾ ਸਨੇਹ ਰਾਣਾ ਦਾ ਸ਼ਿਕਾਰ ਬਣੀ। ਪਾਕਿਸਤਾਨ ਦੀ ਚੌਥੀ ਵਿਕਟ ਆਇਸ਼ਾ ਨਸੀਮ ਦੇ ਤੌਰ 'ਤੇ ਡਿੱਗੀ। ਆਇਸ਼ਾ ਸਿਰਫ਼ 10 ਦੌੜਾਂ ਦੇ ਨਿੱਜੀ ਸਕੋਰ 'ਤੇ ਰੇਣੁਕਾ ਸਿੰਘ ਦੀ ਗੇਂਦ 'ਤੇ ਰੋਡ੍ਰੀਗੇਜ਼ ਨੂੰ ਕੈਚ ਦੇ ਕੇ ਆਊਟ ਹੋ ਗਈ। ਪਾਕਿਸਤਾਨ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਉਸ ਦੀ ਬੱਲੇਬਾਜ਼ ਓਮਾਈਮਾ ਸੋਹੇਲ 10 ਦੌੜਾਂ ਦੇ ਨਿੱਜੀ ਸਕੋਰ 'ਤੇ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਈ। ਭਾਰਤ ਲਈ ਰੇਣੁਕਾ ਸਿੰਘ ਨੇ 1, ਮੇਘਨਾ ਸਿੰਘ ਨੇ 1, ਸਨੇਹ ਰਾਣਾ ਨੇ 2, ਸ਼ੇਫਾਲੀ ਵਰਮਾ ਨੇ 1 ਤੇ ਰਾਧਾ ਸਿੰਘ ਨੇ 2 ਵਿਕਟਾਂ ਲਈਆਂ।

ਇਹ ਵੀ ਪੜ੍ਹੋ : CWG 2022 : ਹਿਮਾ ਦਾਸ ਦੀ ਗੁੰਮਰਾਹ ਕਰਨ ਵਾਲੀ ਵੀਡੀਓ ਵਾਇਰਲ, ਸਹਿਵਾਗ ਨੇ ਕਰ ਦਿੱਤੀ ਸ਼ੇਅਰ

ਭਾਰਤੀ ਟੀਮ : ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਯਸਤਿਕਾ ਭਾਟੀਆ (ਵਿਕਟਕੀਪਰ.), ਜੇਮਿਮਾ ਰੌਡ੍ਰੀਗੇਜ਼, ਹਰਮਨਪ੍ਰੀਤ ਕੌਰ (ਕਪਤਾਨ), ਹਰਲੀਨ ਦਿਓਲ, ਦੀਪਤੀ ਸ਼ਰਮਾ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਮੇਘਨਾ ਸਿੰਘ, ਰੇਣੂਕਾ ਸਿੰਘ, ਸਨੇਹ ਰਾਣਾ, ਐਸ. ਮੇਘਨਾ, ਪੂਜਾ ਵਸਤਰਕਾਰ, ਤਾਨੀਆ ਭਾਟੀਆ

ਪਾਕਿਸਤਾਨੀ ਟੀਮ : ਇਰਮ ਜਾਵੇਦ, ਮੁਨੀਬਾ ਅਲੀ, ਓਮੀਨਾ ਸੋਹੇਲ, ਬਿਸਮਾਹ ਮਾਰੂਫ, ਨਿਦਾ ਡਾਰ, ਏ. ਰਿਆਜ਼, ਆਇਸ਼ਾ ਨਸੀਮ, ਫਾਤਿਮਾ ਸਨਾ, ਤੂਬਾ ਹਸਨ, ਡਾਇਨਾ ਬੇਗ, ਅਨਮ ਅਮੀਨ, ਆਈਮਾਨ ਅਨਵਰ, ਕਾਇਨਾਤ ਇਮਤਿਆਜ਼, ਸਾਦੀਆ ਇਕਬਾਲ, ਗੁਲ ਫਿਰੋਜ਼ਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News