CWG 2018 : ਰਾਹੁਲ ਨੇ ਗੋਲਡ ਕੋਸਟ ''ਚ ਕੁਸ਼ਤੀ ''ਚ ਦਿਵਾਇਆ ਪਹਿਲਾ ਸੋਨ ਤਮਗਾ

04/12/2018 1:57:13 PM

ਗੋਲਡ ਕੋਸਟ (ਬਿਊਰੋ)— ਪਹਿਲਵਾਨ ਰਾਹੁਲ ਅਵਾਰੇ ਨੇ ਪੁਰਸ਼ਾਂ ਦੇ 57 ਕਿਲੋ ਭਾਰ ਵਰਗ ਮੁਕਾਬਲੇ 'ਚ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਵੀਰਵਾਰ ਨੂੰ ਇੱਥੇ ਭਾਰਤ ਨੂੰ ਰਾਸ਼ਟਰਮੰਡਲ ਖੇਡਾਂ 2018 'ਚ ਕੁਸ਼ਤੀ ਦਾ ਪਹਿਲਾ ਸੋਨ ਤਮਗਾ ਦਿਵਾ ਦਿੱਤਾ। ਰਾਹੁਲ ਨੇ ਪੁਰਸ਼ ਫ੍ਰੀ ਸਟਾਈਲ 57 ਕਿਲੋਗ੍ਰਾਮ ਵਰਗ 'ਚ ਸੋਨ ਤਮਗੇ ਦੇ ਮੁਕਾਬਲੇ 'ਚ ਕੈਨੇਡਾ ਦੇ ਸਟੀਵਨ ਤਾਕਸ਼ਾਹੀ ਨੂੰ ਸਖਤ ਚੁਣੌਤੀ ਦਿੰਦੇ ਹੋਏ 15-7 ਨਾਲ ਮੁਕਾਬਲਾ ਆਪਣੇ ਨਾਂ ਕੀਤਾ।

ਭਾਰਤੀ ਪਹਿਲਵਾਨ ਨੇ ਪਹਿਲੇ ਰਾਊਂਡ 'ਚ 0-2 ਨਾਲ ਪਿਛੜਨ ਦੇ ਬਾਅਦ ਜ਼ਬਰਦਸਤ ਵਾਪਸੀ ਕੀਤੀ ਅਤੇ ਸਕੋਰ 4-4 ਦੀ ਬਰਾਬਰੀ ਦੇ ਬਾਅਦ 6-4 ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਤੀਜੇ ਰਾਊਂਡ 'ਚ ਤਾਕਾਸ਼ਾਹੀ ਨੇ ਕਾਫੀ ਪਛਾੜਿਆ ਜਿਸ ਨਾਲ ਕੈਨੇਡੀਆਈ ਖਿਡਾਰੀ ਨੇ 6-6 ਨਾਲ ਸਕੋਰ ਬਰਾਬਰ ਕਰਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਪਰ ਰਾਹੁਲ ਨੇ ਫਿਰ ਵਾਪਸੀ ਕੀਤੀ ਅਤੇ ਤਾਕਾਸ਼ਾਹੀ 'ਤੇ ਬਿਹਤਰੀਨ ਕੰਟਰੋਲ ਕਰਕੇ ਸਕੋਰ 9-6 ਅਤੇ 13-6 ਕੀਤਾ ਅਤੇ ਅੰਤ 'ਚ ਬਿਹਤਰੀਨ ਦਾਅ ਖੇਡਦੇ ਹੋਏ 15-7 ਦੇ ਸਕੋਰ ਦੇ ਨਾਲ ਸੋਨ ਤਮਗਾ ਆਪਣੇ ਨਾਂ ਕੀਤਾ।


Related News