CWC 2019 : ਰੋਮਾਂਚਕ ਮੁਕਾਬਲੇ 'ਚ ਨਿਊਜ਼ੀਲੈਂਡ ਨੇ ਵਿੰਡੀਜ਼ ਨੂੰ 5 ਦੌੜਾਂ ਨਾਲ ਹਰਾਇਆ
Sunday, Jun 23, 2019 - 02:12 AM (IST)

ਮਾਨਚੈਸਟਰ- ਕਪਤਾਨ ਕੇਨ ਵਿਲੀਅਮਸਨ ਨੇ ਕਰੀਅਰ ਦੀ ਸਰਵਸ੍ਰੇਸ਼ਠ 148 ਦੌੜਾਂ ਦੀ ਪਾਰੀ , ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ (30 ਦੌੜਾਂ 'ਤੇ4 ਵਿਕਟਾਂ) ਤੇ ਲਾਕੀ ਫਰਗਿਊਸਨ (59 ਦੌੜਾਂ 'ਤੇ 3 ਵਿਕਟਾਂ) ਦੀ ਬਦੌਲਤ ਨਿਊਜ਼ੀਲੈਂਡ ਨੇ ਵਿਸ਼ਵ ਕੱਪ ਦੇ ਗਰੁੱਪ ਮੈਚ ਵਿਚ ਵੈਸਟਇੰਡੀਜ਼ ਨੂੰ ਰੋਮਾਂਚਕ ਮੁਕਾਬਲੇ ਵਿਚ 5 ਦੌੜਾਂ ਨਾਲ ਹਰਾ ਕੇ ਕੇ ਟੂਰਨਾਮੈਂਟ ਵਿਚ ਆਪਣੀ 6ਵੀਂ ਜਿੱਤ ਦਰਜ ਕਰ ਕੇ ਸੈਮੀਫਾਈਨਲ ਲਈ ਆਪਣਾ ਦਾਅਵਾ ਪੁਖਤਾ ਕਰ ਲਿਆ। ਕਪਤਾਨ ਵਿਲੀਅਮਸਨ ਨੇ ਆਪਣੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੂੰ ਸੰਕਟ ਵਿਚੋਂ ਕੱਢਦੇ ਹੋਏ 8 ਵਿਕਟਾਂ 'ਤੇ 291 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ, ਜਿਸ ਦਾ ਪਿੱਛਾ ਕਰਦੇ ਹੋਏ ਵੈਸਟਇੰਡੀਜ਼ ਦੀ ਟੀਮ ਨੇ ਕਾਰਲੋਸ ਬ੍ਰੈੱਥਵੇਟ (101) ਦੇ ਸ਼ਾਨਦਾਰ ਸੈਂਕੜੇ ਅਤੇ ਕ੍ਰਿਸ ਗੇਲ (87) ਤੇ ਸ਼ਿਮਰੋਨ ਹੈੱਟਮਾਇਰ (54) ਦੇ ਅਰਧ ਸੈਂਕੜਿਆਂ ਦੇ ਬਾਵਜ਼ੂਦ ਟੀਮ 286 ਦੌੜਾਂ ਤਕ ਹੀ ਪਹੁੰਚ ਸਕੀ।
ਵਿੰਡੀਜ਼ ਵਲੋਂ ਬ੍ਰੈੱਥਵੇਟ ਨੇ ਸ਼ਾਨਦਾਰ ਸੈਂਕੜਾ ਲਾਇਆ। ਉਹ ਇਕ ਸਮੇਂ ਵਿੰਡੀਜ਼ ਨੂੰ ਜਿੱਤ ਕੇ ਕੰਢੇ ਪਹੁੰਚਾ ਚੁੱਕਾ ਸੀ ਪਰ 1 ਓਵਰ ਬਾਕੀ ਰਹਿੰਦਿਆਂ ਹੀ ਉਹ ਕੀਵੀ ਗੇਂਦਬਾਜ਼ ਨੀਸ਼ਮ ਦੇ ਓਵਰ ਦੀ ਆਖਰੀ ਗੇਂਦ 'ਤੇ ਬੋਲਟ ਦੇ ਹੱਥਾਂ ਵਿਚ ਗੇਂਦ ਖੇਡ ਬੈਠਾ, ਜਿਸ ਕਾਰਨ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ। ਉਸ ਨੇ ਆਪਣੀ ਸੈਂਕੜੇ ਵਾਲੀ ਪਾਰੀ ਵਿਚ 82 ਗੇਂਦਾਂ 'ਤੇ 9 ਚੌਕੇ ਤੇ 5 ਸ਼ਾਨਦਾਰ ਛੱਕੇ ਲਾਏ। ਧਮਾਕੇਦਾਰ ਓਪਨਰ ਕ੍ਰਿਸ ਗੇਲ ਨੇ ਇਸ ਮੈਚ ਵਿਚ ਸ਼ਾਨਦਾਰ ਪਾਰੀ ਖੇਡੀ। ਉਸ ਨੇ 84 ਗੇਂਦਾਂ 'ਤੇ 87 ਦੌੜਾਂ ਦੀ ਪਾਰੀ ਵਿਚ 8 ਚੌਕੇ ਤੇ 6 ਛੱਕੇ ਲਾਏ ਜਦਕਿ ਹੈੱਟਮਾਇਰ ਨੇ 45 ਗੇਦੰਾਂ ਦੀ ਆਪਣੀ ਪਾਰੀ ਵਿਚ 8 ਚੌਕਿਆਂ ਤੇ 1 ਛੱਕੇ ਦੀ ਬਦੌਲਤ 54 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਪਹਿਲਾਂ ਵਿਲੀਅਮਸਨ ਨੇ ਸ਼ੁਰੂਆਤੀ ਓਵਰ ਵਿਚ ਮਿਲੇ ਝਟਕਿਆਂ ਦੇ ਬਾਵਜੂਦ ਸੰਭਲ ਕੇ ਖੇਡਦੇ ਹੋਏ ਕੀਵੀ ਪਾਰੀ ਨੂੰ ਸੰਭਾਲਿਆ। ਆਪਣਾ 13ਵਾਂ ਵਨ ਡੇ ਸੈਂਕੜਾ ਲਾਉਣ ਵਾਲੇ ਵਿਲੀਅਮਸਨ ਨੇ 154 ਗੇਂਦਾਂ ਦੀ ਪਾਰੀ ਵਿਚ 14 ਚੌਕੇ ਤੇ 1 ਛੱਕਾ ਲਾਇਆ। ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਨਿਊਜ਼ੀਲੈਂਡ ਦੀ ਟੀਮ ਨੂੰ ਸ਼ੁਰੂਆਤੀ ਓਵਰਾਂ ਵਿਚ ਹੀ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੈੱਲ ਨੇ ਝਟਕਾ ਦਿੱਤਾ ਜਦੋਂ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਤੇ ਕੌਲਿਨ ਮੁਨਰੋ ਖਾਤਾ ਖੋਲ੍ਹੇ ਬਿਨਾਂ ਹੀ ਪੈਵੇਲੀਅਨ ਪਰਤ ਗਏ। ਕੋਟਰੈੱਲ ਨੇ 56 ਦੌੜਾਂ 'ਤੇ 4 ਵਿਕਟਾਂ ਲਈਆਂ।
ਇਸ ਤੋਂ ਬਾਅਦ ਵਿਲੀਅਮਸਨ ਤੇ ਰੋਸ ਟੇਲਰ ਨੇ 160 ਦੌੜਾਂ ਦੀ ਸਾਂਝੇਦਾਰੀ ਕੀਤੀ। ਟੇਲਰ ਨੇ 95 ਗੇਂਦਾਂ ਵਿਚ 69 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀਆਂ 50 ਦੌੜਾਂ 15ਵੇਂ ਓਵਰ ਵਿਚ ਪੂਰੀਆਂ ਹੋਈਆਂ ਜਦੋਂ ਕੋਟਰੈੱਲ ਨੇ ਜੈਸਨ ਹੋਲਡਰ ਦੀ ਸ਼ਾਰਟ ਗੇਂਦ 'ਤੇ ਚੌਕਾ ਲਾਇਆ। ਦੋਵੇਂ ਬੱਲੇਬਾਜ਼ਾਂ ਨੇ 24ਵੇਂ ਓਵਰ ਵਿਚ ਆਪਣੇ-ਆਪਣੇ ਅਰਧ ਸੈਂਕੜੇ ਪੂਰੇ ਕੀਤੇ। ਕ੍ਰਿਸ ਗੇਲ ਨੇ ਟੇਲਰ ਨੂੰ ਆਊਟ ਕਰ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਦੂਜੇ ਪਾਸੇ ਵਿਲੀਅਮਸਨ ਨੇ ਰੋਚ ਨੂੰ ਚੌਕਾ ਲਾ ਕੇ ਆਪਣਾ ਸੈਂਕੜਾ ਪੂਰਾ ਕੀਤਾ। ਕੋਟਰੈੱਲ ਨੇ ਦੂਜੇ ਸਪੈੱਲ ਵਿਚ ਟਾਮ ਲਾਥਮ (12) ਤੇ ਵਿਲੀਅਮਸਨ ਨੂੰ ਆਊਟ ਕੀਤਾ।
ਨਿਊਜ਼ੀਲੈਂਡ (ਪਲੇਇੰਗ 11): ਮਾਰਟਿਨ ਗੁਪਟਿਲ, ਕੋਲਿਨ ਮੁਨਰੋ, ਕੇਨ ਵਿਲੀਅਮਸਨ (ਕਪਤਾਨ), ਰੌਸ ਟੇਲਰ, ਟਾਮ ਲੇਥਮ, ਜੇਮਸ ਨੇਸ਼ਮ, ਕੋਲਿਨ ਡੀ ਗ੍ਰੈਂਡਹਾਮ, ਮਿਸ਼ੇਲ ਸੈਨਟਨਰ, ਮੈਟ ਹੈਨਰੀ, ਲੌਕੀ ਫਰਗੁਸਨ, ਟਰੈਂਟ ਬੋਲਟ
ਵੈਸਟਇੰਡੀਜ਼ (ਪਲੇਇੰਗ ਇਲੈਵਨ): ਕ੍ਰਿਸ ਗੇਲ, ਈਵਿਨ ਲੁਇਸ, ਸ਼ਾਈ ਹੋਪ, ਨਿਕੋਲਸ ਪੂਨ, ਸ਼ਿਮਰੋਨ ਹੈਟਮਾਇਰ, ਜੇਸਨ ਹੋਡਰ (ਕਪਤਾਨ), ਕਾਰਲੋਸ ਬ੍ਰੈਥਵੇਟ, ਐਸ਼ਲੇ ਨਰਸ, ਓਸ਼ਾਨੇ ਥਾਮਸ, ਕੇਮਰ ਰੋਚ, ਸ਼ੇਲਡਨ ਕੌਟਰੇਲ