CWC 2019 : ਭਾਰਤ ਸੈਮੀਫਾਈਨਲ 'ਚ, ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾਇਆ

Tuesday, Jul 02, 2019 - 11:03 PM (IST)

CWC 2019 : ਭਾਰਤ ਸੈਮੀਫਾਈਨਲ 'ਚ, ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾਇਆ

ਬਰਮਿੰਘਮ— ਹਿੱਟਮੈਨ ਰੋਹਿਤ ਸ਼ਰਮਾ (104) ਦੇ ਰਿਕਾਰਡ ਸੈਂਕੜੇ ਤੇ ਉਸ ਦੀ ਲੋਕੇਸ਼ ਰਾਹੁਲ (77) ਨਾਲ ਪਹਿਲੀ ਵਿਕਟ ਲਈ 180 ਦੌੜਾਂ ਦੀ ਧਮਾਕੇਦਾਰ ਸਾਂਝੇਦਾਰੀ ਤੋਂ ਬਾਅਦ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੇ ਵਿਸ਼ਵ ਕੱਪ ਦੇ ਰੋਮਾਂਚਕ ਲੀਗ ਮੈਚ ਵਿਚ ਮੰਗਲਵਾਰ ਨੂੰ ਇੱਥੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ।   ਭਾਰਤ ਨੇ ਰੋਹਿਤ ਸ਼ਰਮਾ ਦੇ ਸੈਂਕੜੇ ਤੇ ਲੋਕੇਸ਼ ਰਾਹੁਲ ਦੇ ਅਰਧ ਸੈਂਕੜੇ ਦੀ ਬਦੌਲਤ  50 ਓਵਰਾਂ ਵਿਚ 9 ਵਿਕਟਾਂ 'ਤੇ 314 ਦੌੜਾਂ ਦਾ ਵੱਡਾ  ਸਕੋਰ ਬਣਾਇਆ ਸੀ। ਇਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ ਬੁਮਰਾਹ (55 ਦੌੜਾਂ 'ਤੇ 4 ਵਿਕਟਾਂ) ਤੇ ਪੰਡਯਾ (60 ਦੌੜਾਂ 'ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 48 ਓਵਰਾਂ ਵਿਚ 286 ਦੌੜਾਂ 'ਤੇ ਹੀ ਢੇਰ ਹੋ ਗਈ। ਯੁਜਵੇਂਦਰ ਚਾਹਲ (50 ਦੌੜਾਂ 'ਤੇ 1 ਵਿਕਟ) ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ।  ਮੁਹੰਮਦ ਸੈਫਉੱਦੀਨ (38 ਗੇਂਦਾਂ 'ਤੇ ਅਜੇਤੂ 51 ) ਤੇ ਸ਼ਬੀਰ ਰਹਿਮਾਨ (36) ਨੇ ਸੱਤਵੀਂ ਵਿਕਟ ਲਈ 66 ਦੌੜਾਂ ਜੋੜ ਕੇ ਬੰਗਲਾਦੇਸ਼ ਦੀ ਉਮੀਦ ਬੰਨ੍ਹੀ ਸੀ ਪਰ ਇਸ ਜੋੜੀ ਦੇ ਟੁੱਟਣ ਤੋਂ ਬਾਅਦ ਭਾਰਤ ਜਿੱਤ ਦਰਜ ਕਰਨ ਵਿਚ ਸਫਲ ਰਿਹਾ। 
PunjabKesari

ਇਸ ਜਿੱਤ ਨਾਲ ਭਾਰਤ ਦੇ 8 ਮੈਚਾਂ ਵਿਚੋਂ 6 ਜਿੱਤਾਂ ਨਾਲ 13 ਅੰਕ ਹੋ ਗਏ ਹਨ ਤੇ ਉਹ ਦੂਜੇ ਸਥਾਨ 'ਤੇ ਬਰਕਰਾਰ ਹੈ। ਬੰਗਲਾਦੇਸ਼ ਇਸ ਹਾਰ ਤੋਂ ਬਾਅਦ 8 ਮੈਚਾਂ ਵਿਚੋਂ 7 ਅੰਕਾਂ ਨਾਲ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਿਆ ਹੈ। ਭਾਰਤ ਦਾ ਇਹ ਲਗਾਤਾਰ ਤੀਜਾ ਸੈਮੀਫਾਈਨਲ ਹੈ। ਉਸ ਨੇ 2011 ਵਿਚ ਖਿਤਾਬ ਜਿੱਤਿਆ ਸੀ ਜਦਕਿ 2015 ਵਿਚ ਉਹ ਸੈਮੀਫਾਈਨਲ ਤਕ ਪਹੁੰਚਿਆ ਸੀ। ਓਵਰਆਲ ਇਹ ਭਾਰਤ ਦਾ 6ਵਾਂ ਸੈਮੀਫਾਈਨਲ ਹੈ। ਇਸ ਤੋਂ ਪਹਿਲਾਂ  ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰੋਹਿਤ ਤੇ ਰਾਹੁਲ ਨੇ ਓਪਨਿੰਗ ਸਾਂਝੇਦਾਰੀ ਵਿਚ 29.2 ਓਵਰਾਂ ਵਿਚ 180 ਦੌੜਾਂ ਜੋੜੀਆਂ। ਰੋਹਿਤ ਨੇ ਸਿਰਫ 92 ਗੇਂਦਾਂ ਵਿਚ 7 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 104 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਰੋਹਿਤ ਦਾ ਟੂਰਨਾਮੈਂਟ 'ਚ ਇਹ ਲਗਾਤਾਰ ਦੂਜਾ ਅਤੇ ਕੁਲ ਚੌਥਾ ਸੈਂਕੜਾ ਹੈ। 
ਰਾਹੁਲ ਨੇ ਵੀ ਆਪਣੀ ਲੈਅ ਦਿਖਾਈ ਤੇ ਪਿਛਲੇ ਮੈਚ ਦੀ ਅਸਫਲਤਾ ਨੂੰ ਪਿੱਛੇ ਛੱਡਦੇ ਹੋਏ 92 ਗੇਂਦਾਂ ਵਿਚ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 77 ਦੌੜਾਂ ਬਣਾਈਆਂ। ਇਸ ਸਾਂਝੇਦਾਰੀ ਦੇ ਸਮੇਂ ਲੱਗ ਰਿਹਾ ਸੀ ਕਿ ਭਾਰਤ 350 ਦੌੜਾਂ ਦੇ ਨੇੜੇ-ਤੇੜੇ ਦਾ ਸਕੋਰ ਬਣਾਏਗਾ ਪਰ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੇ ਇਸ ਸਾਂਝੇਦਾਰੀ ਦੇ ਟੁੱਟਣ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਭਾਰਤ ਅੰਤ ਵਿਚ 314 ਦੌੜਾਂ ਤਕ ਹੀ ਪਹੁੰਚ ਸਕਿਆ। ਪਿਛਲੇ 5 ਮੈਚਾਂ ਵਿਚ ਲਗਾਤਾਰ ਅਰਧ ਸੈਂਕੜੇ ਬਣਾਉਣ ਵਾਲਾ ਕਪਤਾਨ ਵਿਰਾਟ ਕੋਹਲੀ ਇਸ ਵਾਰ 26 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੇ 27 ਗੇਂਦਾਂ ਦੀ ਪਾਰੀ ਵਿਚ 3 ਚੌਕੇ ਲਾਏ। ਆਲਰਾਊਂਡਰ ਹਾਰਦਿਕ ਪੰਡਯਾ ਖਾਤਾ ਖੋਲ੍ਹੇ ਬਿਨਾਂ ਆਊਟ ਹੋਇਆ। ਭਾਰਤ ਨੇ ਆਪਣੀ ਪਹਿਲੀ ਵਿਕਟ 180, ਦੂਜੀ 195 ਤੇ ਤੀਜੀ ਅਤੇ ਚੌਥੀ 237 ਦੇ ਸਕੋਰ 'ਤੇ ਗੁਆਈ। ਰੋਹਿਤ ਨੂੰ ਸੌਮਿਆ ਸਰਕਾਰ, ਰਾਹੁਲ ਨੂੰ ਰੂਬੇਲ ਹੁਸੈਨ, ਵਿਰਾਟ ਨੂੰ ਮੁਸਤਾਫਿਜ਼ੁਰ ਰਹਿਮਾਨ ਤੇ ਪੰਡਯਾ ਨੂੰ ਮੁਸਤਾਫਿਜ਼ੁਰ ਨੇ ਆਊਟ ਕੀਤਾ। 

PunjabKesari

ਆਪਣਾ ਦੂਜਾ ਵਿਸ਼ਵ ਕੱਪ ਮੈਚ ਖੇਡ ਰਹੇ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਨੇ ਹਮਲਾਵਰ ਅੰਦਾਜ਼ ਦਿਖਾਇਆ ਤੇ 41 ਗੇਂਦਾਂ 'ਤੇ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 48 ਦੌੜਾਂ ਦੀ ਪਾਰੀ ਖੇਡੀ। ਪੰਤ ਨੇ ਧੋਨੀ ਨਾਲ ਪੰਜਵੀਂ ਵਿਕਟ ਲਈ 40 ਦੌੜਾਂ ਜੋੜੀਆਂ। ਪੰਤ ਨੂੰ ਸ਼ਾਕਿਬ ਅਲ ਹਸਨ ਨੇ ਮੋਸਾਡੇਕ ਹੁਸੈਨ ਹੱਥੋਂ ਕੈਚ ਕਰਵਾਇਆ। ਪੰਤ ਦੀ ਵਿਕਟ 277 ਦੇ ਸਕੋਰ 'ਤੇ ਡਿਗੀ। ਇਸ ਮੈਚ ਵਿਚ ਕੇਦਾਰ ਜਾਧਵ ਦੀ ਜਗ੍ਹਾ ਆਖਰੀ ਇਲੈਵਨ ਵਿਚ ਸ਼ਾਮਲ ਕੀਤਾ ਗਿਆ ਦਿਨੇਸ਼ ਕਾਰਤਿਕ ਇਸ ਮੌਕੇ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ 9 ਗੇਂਦਾਂ ਵਿਚ 8 ਦੌੜਾਂ ਬਣਾ ਕੇ ਮੁਸਤਾਫਿਜ਼ੁਰ ਦਾ ਤੀਜਾ ਸ਼ਿਕਾਰ ਬਣ ਗਿਆ। ਕਾਰਤਿਕ ਦੀ ਵਿਕਟ 298 ਦੇ ਸਕੋਰ 'ਤੇ ਡਿਗੀ। ਮਹਿੰਦਰ ਸਿੰਘ ਧੋਨੀ ਨੇ ਇਕ ਪਾਸੇ 'ਤੇ ਦੌੜਾਂ ਬਣਾਉਣ ਦਾ ਸਿਲਸਿਲਾ ਜਾਰੀ ਰੱਖਿਆ ਤੇ ਕੁਝ ਚੰਗੀਆਂ ਬਾਊਂਡਰੀਆਂ ਲਾਈਆਂ। ਉਸ ਨੇ 49ਵੇਂ ਓਵਰ ਵਿਚ ਮੁਹੰਮਦ ਸੈਫਉੱਦੀਨ ਦੀਆਂ ਗੇਂਦਾਂ 'ਤੇ 2 ਚੌਕੇ ਮਾਰੇ ਤੇ ਆਖਰੀ ਗੇਂਦ 'ਤੇ ਇਕ ਦੌੜ ਲੈ ਕੇ ਆਖਰੀ ਓਵਰ ਲਈ ਸਟ੍ਰਾਈਕ ਆਪਣੇ ਕੋਲ ਰੱਖੀ। ਧੋਨੀ ਆਖਰੀ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ ਡਾਟ ਖੇਡਣ ਤੋਂ ਬਾਅਦ ਤੀਜੀ ਗੇਂਦ 'ਤੇ ਉੱਚਾ ਕੈਚ ਦੇ ਬੈਠਾ। ਧੋਨੀ ਦੀ ਵਿਕਟ ਵੀ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਦੇ ਹਿੱਸੇ ਆਈ। ਧੋਨੀ ਨੇ 33 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ 35 ਦੌੜਾਂ ਬਣਾਈਆਂ। ਭੁਵਨੇਸ਼ਵਰ ਕੁਮਾਰ ਪੰਜਵੀਂ ਗੇਂਦ 'ਤੇ ਰਨ ਆਊਟ ਹੋ ਗਿਆ, ਹਾਲਾਂਕਿ ਇਹ ਗੇਂਦ ਵਾਈਡ ਸੀ। ਮੁਸਤਾਫਿਜ਼ੁਰ ਨੇ ਆਖਰੀ ਗੇਂਦ 'ਤੇ ਮੁਹੰਮਦ ਸ਼ੰਮੀ ਨੂੰ ਬੋਲਡ ਕਰ ਕੇ ਆਪਣੀਆਂ 5 ਵਿਕਟਾਂ ਪੂਰੀਆਂ ਕੀਤੀਆਂ। ਭਾਰਤ ਨੇ ਆਖਰੀ ਓਵਰ ਵਿਚ 3 ਵਿਕਟਾਂ ਗੁਆਈਆਂ।

ਟੀਮਾਂ :

ਭਾਰਤ:  ਰੋਹਿਤ ਸ਼ਰਮਾ, ਕੇ ਐਲ ਰਾਹੁਲ, ਵਿਰਾਟ ਕੋਹਲੀ (ਕਪਤਾਨ), ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਹਰਦਿਕ ਪੰਡਯਾ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ।

ਬੰਗਲਾਦੇਸ਼:  ਤਮੀਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ, ਲਿਟਨ ਦਾਸ, ਮੋਸਾਦਕ ਹੁਸੈਨ, ਸ਼ਬੀਰ ਰਹਿਮਾਨ, ਮੁਹੰਮਦ ਸੈਫੂਦੀਨ, ਮਸ਼ਰਫ਼ੀ ਮੁਰਤਜ਼ਾ, ਮੁਸਤਫਿਜ਼ੁਰ ਰਹਿਮਾਨ, ਰੁਬਲ ਹੁਸੈਨ।


Related News