CWC 2019 : ਵਿੰਡੀਜ਼ ਵਿਰੁੱਧ ਆਪਣਾ ਦਬਦਬਾ ਬਰਕਰਾਰ ਰੱਖਣ ਉਤਰੇਗਾ ਇੰਗਲੈਂਡ
Friday, Jun 14, 2019 - 12:29 AM (IST)

ਸਾਊਥੰਪਟਨ— ਬੰਗਲਾਦੇਸ਼ ਨੂੰ ਆਪਣੇ ਪਿਛਲੇ ਵਿਸ਼ਵ ਕੱਪ ਮੁਕਾਬਲੇ ਵਿਚ 106 ਦੌੜਾਂ ਦੇ ਵੱਡੇ ਫਰਕ ਨਾਲ ਹਰਾਉਣ ਤੋਂ ਬਾਅਦ ਮੇਜ਼ਬਾਨ ਅਤੇ ਵਿਸ਼ਵ ਦੀ ਨੰਬਰ ਇਕ ਟੀਮ ਇੰਗਲੈਂਡ ਦੀਆਂ ਨਜ਼ਰਾਂ ਵੈਸਟਇੰਡੀਜ਼ ਵਿਰੁੱਧ ਵੀ ਆਪਣੀ ਲੈਅ ਬਰਕਰਾਰ ਰੱਖਦੇ ਹੋਏ ਮੈਚ ਜਿੱਤਣ 'ਤੇ ਹੋਣਗੀਆਂ।
ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਸ਼ੁੱਕਰਵਾਰ ਨੂੰ ਇੱਥੇ ਮੁਕਾਬਲਾ ਖੇਡਿਆ ਜਾਵੇਗਾ। ਇੰਗਲੈਂਡ ਹਾਲਾਂਕਿ ਇਸ ਮੈਚ ਵਿਚ ਜਿੱਤ ਦਾ ਦਾਅਵੇਦਾਰ ਰਹੇਗਾ ਪਰ ਵੈਸਟਇੰਡੀਜ਼ ਨੂੰ ਨਜ਼ਰਅੰਦਾਜ਼ ਕਰਨਾ ਵੀ ਵੱਡੀ ਭੁੱਲ ਹੋ ਸਕਦੀ ਹੈ। ਵੈਸਟਇੰਡੀਜ਼ ਦੋ ਵਾਰ ਦੀ ਸਾਬਕਾ ਚੈਂਪੀਅਨ ਹੈ ਜਦਕਿ ਇੰਗਲੈਂਡ ਨੂੰ ਆਪਣੇ ਪਹਿਲੇ ਵਨ ਡੇ ਵਿਸ਼ਵ ਖਿਤਾਬ ਦੀ ਭਾਲ ਹੈ।
ਇੰਗਲੈਂਡ ਨੇ ਵਿਸ਼ਵ ਕੱਪ ਦੀ ਸ਼ੁਰੂਆਤ ਦੱਖਣੀ ਅਫਰੀਕਾ 'ਤੇ ਸ਼ਾਨਦਾਰ ਜਿੱਤ ਦੇ ਨਾਲ ਕੀਤੀ ਸੀ ਪਰ ਉਸ ਨੂੰ ਆਪਣੇ ਅਗਲੇ ਮੈਚ ਵਿਚ ਪਾਕਿਸਤਾਨ ਹੱਥੋਂ ਸਨਸਨੀਖੇਜ਼ ਹਾਰ ਝੱਲਣੀ ਪਈ। ਇੰਗਲੈਂਡ ਨੇ ਇਸ ਹਾਰ ਤੋਂ ਸਿੱਖਿਆ ਲੈਂਦੇ ਹੋਏ ਬੰਗਲਾਦੇਸ਼ ਵਿਰੁੱਧ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵੇਂ ਖੇਤਰਾਂ ਵਿਚ ਸੁਧਾਰ ਕਰ ਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ।
ਇੰਗਲੈਂਡ ਨੇ ਬੰਗਲਾਦੇਸ਼ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 386 ਦੌੜਾਂ ਦਾ ਵੱਡਾ ਸਕੋਰ ਬਣਾਇਆ ਅਤੇ ਬੰਗਲਾਦੇਸ਼ 'ਤੇ ਭਾਰੀ ਦਬਾਅ ਬਣਾਉਣ ਵਿਚ ਸਫਲ ਰਹੀ। ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 49 ਓਵਰਾਂ ਵਿਚ 280 ਦੌੜਾਂ ਦੇ ਸਕੋਰ 'ਤੇ ਸਿਮਟ ਗਈ ਅਤੇ ਉਸ ਨੂੰ ਮੇਜ਼ਬਾਨ ਹੱਥੋਂ ਵੱਡੀ ਹਾਰ ਝੱਲਣੀ ਪਈ।
ਇੰਗਲੈਂਡ ਲਈ ਬੰਗਲਾਦੇਸ਼ ਵਿਰੁੱਧ ਮੈਚ ਵਿਚ ਓਪਨਰਾਂ ਨੇ ਕਾਫੀ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ। ਜੈਸਨ ਰਾਏ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ 153 ਦੌੜਾਂ ਬਣਾਈਆਂ ਸਨ ਜਦਕਿ ਗੇਂਦਬਾਜ਼ੀ ਵਿਚ ਬੇਨ ਸਟੋਕਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ ਟੀਚਾ ਹਾਸਲ ਕਰਨ ਨਹੀਂ ਦਿੱਤਾ। ਹਾਲਾਂਕਿ ਮੇਜ਼ਬਾਨ ਟੀਮ ਦਾ ਅਗਲਾ ਮੁਕਾਬਲਾ ਟੂਰਨਾਮੈਂਟ ਵਿਚ ਵੱਡਾ ਉਲਟਫੇਰ ਕਰਨ ਦੀ ਸਮਰੱਥਾ ਰੱਖਣ ਵਾਲੀ ਟੀਮ ਵਿੰਡੀਜ਼ ਨਾਲ ਹੈ। ਵੈਸਟਇੰਡੀਜ਼ ਦੀ ਟੀਮ ਵਿਚ ਖੱਬੇ ਹੱਥ ਦੇ ਕਈ ਖਿਡਾਰੀ ਹੋਣ ਕਾਰਣ ਅਜਿਹੀ ਸੰਭਾਵਨਾ ਹੈ ਕਿ ਇੰਗਲੈਂਡ ਮੋਇਨ ਅਲੀ ਨੂੰ ਉਨ੍ਹਾਂ ਦੇ ਵਿਰੁੱਧ ਆਖਰੀ ਇਲੈਵਨ ਵਿਚ ਜਗ੍ਹਾ ਦੇ ਸਕਦੀ ਹੈ।
ਵੈਸਟਇੰਡੀਜ਼ ਲਈ ਹਾਂ-ਪੱਖੀ ਗੱਲ ਇਹ ਹੈ ਕਿ ਉਸਦੇ ਗੇਂਦਬਾਜ਼ ਆਪਣੀ ਫਾਰਮ ਵਿਚ ਹਨ। ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੇ ਆਸਟਰੇਲੀਆ ਵਿਰੁੱਧ ਬਿਹਤਰੀਨ ਸ਼ੁਰੂਆਤ ਕੀਤੀ ਸੀ ਅਤੇ ਉਸ ਦੇ ਚੋਟੀਕ੍ਰਮ ਨੂੰ ਜਲਦੀ ਪੈਵੇਲੀਅਨ ਭੇਜ ਕੇ ਆਸਟਰੇਲੀਆ ਦੀ ਪਾਰੀ ਨੂੰ ਲੜਖੜਾ ਦਿੱਤਾ ਸੀ ਹਾਲਾਂਕਿ ਉਸਦੀ ਬੱਲੇਬਾਜ਼ੀ ਸਹੀ ਢੰਗ ਨਾਲ ਨਾ ਹੋਣ ਕਾਰਣ ਉਸ ਨੂੰ ਆਸਟਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਗਲੈਂਡ ਵਿਰੁੱਧ ਵਿੰਡੀਜ਼ ਨੂੰ ਆਪਣੇ ਸਭ ਤੋਂ ਤਜਰਬੇਕਾਰ ਓਪਨਰ ਕ੍ਰਿਸ ਗੇਲ ਤੋਂ ਕਾਫੀ ਉਮੀਦਾਂ ਰਹਿਣਗੀਆਂ ਕਿ ਉਹ ਵੱਡੀ ਪਾਰੀ ਖੇਡੇ ਅਤੇ ਟੀਮ ਨੂੰ ਜਿੱਤ ਦਿਵਾਏ।