ਕੋਰੋਨਾ ਵਾਇਰਸ ਕਾਰਨ AUS ਤੇ NZ ਸੀਰੀਜ਼ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਗਿਆ ਰੱਦ
Saturday, Mar 14, 2020 - 10:40 AM (IST)
ਸਪੋਰਟਸ ਡੈਸਕ— ਕੋਰੋਨਾ ਵਾਇਰਸ ਦੀ ਭੇਟ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਚਲ ਰਹੀ ਵਨ-ਡੇ ਸੀਰੀਜ਼ ਵੀ ਚੜ੍ਹ ਗਈ ਹੈ। ਦਸ ਦਈਏ ਕਿ ਆਸਟਰੇਲੀਆ ਨੇ ਸਿਡਨੀ ਕ੍ਰਿਕਟ ਗਰਾਊਂਡ (ਐੱਸ. ਸੀ. ਜੀ.) ’ਚ ਦਰਸ਼ਕਾਂ ਤੋਂ ਬਿਨਾ ਨਿਊਜ਼ੀਲੈਂਡ ਨੂੰ ਸ਼ੁੱਕਰਵਾਰ ਨੂੰ ਇੱਥੇ ਪਹਿਲੇ ਵਨ-ਡੇ ਕੌਮਾਂਤਰੀ ਕ੍ਰਿਕਟ ਮੈਚ ’ਚ 71 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ’ਚ ਸ਼ੁਰੂਆਤੀ ਬੜ੍ਹਤ ਹਾਸਲ ਕਰ ਲਈ। ਅਜਿਹੇ ’ਚ ਪਹਿਲੇ ਵਨ-ਡੇ ਦੇ ਬਾਅਦ ਇਸ ਸੀਰੀਜ਼ ਨੂੰ ਵਿਚਾਲੇ ਹੀ ਰੱਦ ਕਰ ਦਿੱਤਾ ਗਿਆ ਹੈ। ਦਰਅਸਲ, ਫਰਗਿਊਸਨ ਨੂੰ ਗਲੇ ’ਚ ਦਰਦ ਅਤੇ ਖਰਾਸ਼ ਦੀ ਸ਼ਿਕਾਇਤ ਸੀ ਜਿਸ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਕਰਾਇਆ ਗਿਆ। ਅਜੇ ਤਕ ਇਸ ਟੈਸਟ ਦੀ ਰਿਪੋਰਟ ਨਹੀਂ ਆਈ ਹੈ ਅਤੇ ਇਸ ਕਾਰਨ ਉਨ੍ਹਾਂ ਨੂੰ ਬਾਕੀ ਟੀਮ ਨਾਲੋਂ ਵੱਖ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜੇਕਰ ਪਹਿਲੇ ਮੈਚ ’ਚ ਨਜ਼ਰ ਮਾਰੀਏ ਤਾਂ ਆਰੋਨ ਫਿੰਚ ਦੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦੇ ਫੈਸਲੇ ਦੇ ਬਾਅਦ ਆਸਟਰੇਲੀਆ ਇਕ ਸਮੇਂ 300 ਤੋਂ ਵੱਧ ਸਕੋਰ ਬਣਾਉਣ ਦੀ ਸਥਿਤੀ ’ਚ ਦਿਸ ਰਿਹਾ ਸੀ। ਡੇਵਿਡ ਵਾਰਨਰ (67) ਅਤੇ ਫਿੰਚ (60) ਨੇ ਪਹਿਲੇ ਵਿਕਟ ਲਈ 124 ਦੌੜਾਂ ਜੋੜੀਆਂ ਪਰ ਇਨ੍ਹਾਂ ਦੋਹਾਂ ਦੇ ਆਊਟ ਹੋਣ ਨਾਲ ਨਿਊਜ਼ੀਲੈਂਡ ਨੇ ਮਾਰਨਸ ਲਾਬੁਸ਼ਨੇ ਦੀ 52 ਗੇਂਦਾਂ ’ਚ 56 ਦੌੜਾਂ ਦੀ ਪਾਰੀ ਦੇ ਬਾਵਜੂਦ ਆਸਟਰੇਲੀਆ ਨੂੰ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ। ਨਿਊਜ਼ੀਲੈਂਡ ਦੇ ਕੋਲ ਸੀਰੀਜ਼ ’ਚ 1-0 ਨਾਲ ਬੜ੍ਹਤ ਬਣਾਉਣ ਦਾ ਮੌਕਾ ਸੀ ਪਰ ਆਸਟਰੇਲੀਆ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਉਨ੍ਹਾਂ ਦੇ ਬੱਲੇਬਾਜ਼ ਨਹੀਂ ਚਲ ਪਾਏ। ਨਿਊਜ਼ੀਲੈਂਡ ਨੇ ਨਿਯਮਿਤ ਵਕਫੇ ’ਚ ਵਿਕਟ ਗੁਆਏ। ਉਸ ਵੱਲੋਂ ਮਾਰਟਿਨ ਗੁਪਟਿਲ ਨੇ ਸਭ ਤੋਂ ਜ਼ਿਆਦਾ 40 ਦੌੜਾਂ ਬਣਾਈਆਂ। ਆਸਟਰੇਲੀਆ ਲਈ ਇਹ ਜਿੱਤ ਮਨੋਬਲ ਵਧਾਉਣ ਵਾਲੀ ਰਹੀ ਕਿਉਂਕਿ ਉਸ ਨੇ ਦੱਖਣੀ ਅਫਰੀਕਾ ਅਤੇ ਭਾਰਤ ਦੇ ਹੱਥੋਂ ਆਪਣੇ ਪਿਛਲੇ ਪੰਜ ਵਨ-ਡੇ ਮੈਚ ਗੁਆਏ ਸਨ।
ਇਹ ਵੀ ਪੜ੍ਹੋ : ਕੇਨ ਰਿਚਰਡਸਨ ਨੂੰ ਵੱਡੀ ਰਾਹਤ, ਜਾਂਚ ’ਚ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ