ਕੋਰੋਨਾ ਵਾਇਰਸ ਕਾਰਨ ਭਾਰਤੀ ਤੀਰਅੰਦਾਜ਼ੀ ਟੀਮ ਏਸ਼ੀਆ ਕੱਪ ਤੋਂ ਹੋਈ ਬਾਹਰ

03/05/2020 5:14:12 PM

ਕੋਲਕਾਤਾ— ਤੀਰਅੰਦਾਜ਼ੀ ਐਸੋਸੀਏਸ਼ਨ ਆਫ ਇੰਡੀਆ (ਏ. ਏ. ਆਈ.) ਨੇ ਵੀਰਵਾਰ ਨੂੰ ਬੈਂਕਾਕ ’ਚ ਹੋਣ ਵਾਲੇ ਏਸ਼ੀਆਈ ਕੱਪ ਵਿਸ਼ਵ ਰੈਂਕਿੰਗ ਟੂਰਨਾਮੈਂਟ ਤੋਂ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਕਾਰਨ ਬਾਹਰ ਹੋਣ ਦਾ ਫੈਸਲਾ ਕੀਤਾ ਹੈਸ਼। ਸੈਸ਼ਨ ਦਾ ਉਦਘਾਟਨੀ ਪੜਾਅ ਥਾਈਲੈਂਡ ਦੀ ਰਾਜਧਾਨੀ ’ਚ 8 ਤੋਂ 15 ਮਾਰਚ ਤਕ ਆਯੋਜਿਤ ਕੀਤਾ ਜਾਣਾ ਹੈ। 

ਪੰਜ ਮਹੀਨਿਆਂ ਦੀ ਮੁਅੱਤਲੀ ਤੋਂ ਵਾਪਸ ਆਉਣ ਦੇ ਬਾਅਦ ਇਹ ਭਾਰਤ ਦਾ ਪਹਿਲਾ ਕੌਮਾਂਤਰੀ ਮੁਕਾਬਲਾ ਸੀ। ਏ. ਏ. ਆਈ. ਦੀ ਸਹਾਇਕ ਸਕੱਤਰ ਗੁੰਜਨ ਅਬਰੋਲ ਨੇ ਕਿਹਾ, ‘‘ਕਰੋਨਾ ਵਾਇਰਸ ਦੇ ਕਾਰਨ ਮੌਜੂਦਾ ਚਿੰਤਾਜਨਕ ਸਥਿਤੀ ਦਾ ਜਾਇਜ਼ਾ ਲੈਣ ਅਤੇ ਐੱਸ. ਏ. ਆਈ. ਅਤੇ ਆਈ. ਓ. ਸੀ. ਵੱਲੋਂ ਜਾਰੀ ਯਾਤਰਾ ਸਬੰਧੀ ਸਲਾਹਾਂ ਨੂੰ ਧਿਆਨ ’ਚ ਰੱਖਦੇ ਹੋਏ ਭਾਰਤੀ ਤੀਰਅੰਦਾਜ਼ੀ ਐਸੋਸ਼ੀਏਸ਼ਨ ਟੀਮ ਦੀ ਸਿਹਤ ਸਬੰਧੀ ਫਿਕਰਮੰਦ ਹੈ ਅਤੇ ਇਨ੍ਹਾਂ ਹਾਲਾਤਾਂ ’ਚ ਕੋਈ ਜੋਖਮ ਨਹੀਂ ਲਿਆ ਜਾ ਸਕਦਾ। ਇਸੇ ਲਈ 7-15 ਮਾਰਚ ਤੱਕ ਹੋਣ ਵਾਲੇ ਇਸ ਏਸ਼ੀਆ ਕੱਪ ਪੜਾਅ 1 ਵਿਸ਼ਵ ਰੈਂਕਿੰਗ ਤੀਰਅੰਦਾਜ਼ੀ ਟੂਰਨਾਮੈਂਟ ’ਚ ਭਾਰਤੀ ਟੀਮ ਦੇ ਹਿੱਸਾ ਲੈਣ ਤੋਂ ਹਟਣ ਦਾ ਫੈਸਲਾ ਕੀਤਾ ਗਿਆ ਹੈ। 

ਟੂਰਨਾਮੈਂਟ ’ਚ ਹਿੱਸਾ ਲੈਣ ਲਈ ਟਿਕਟਾਂ ਦੀ ਬੁਕਿੰਗ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ। ਇਹ ਫੈਸਲਾ ਬੁੱਧਵਾਰ ਦੀ ਸ਼ਾਮ ਨੂੰ ਭਾਰਤੀ ਖੇਡ ਅਥਾਰਿਟੀ ਦੀ ਸਲਾਹ ਪ੍ਰਾਪਤ ਹੋਣ ਤੋਂ ਬਾਅਦ ਕੀਤਾ ਗਿਆ ਹੈ। ਵਿਸ਼ਵ ਤੀਰਅੰਦਾਜ਼ੀ ਦੇ ਇਕ ਅਧਿਕਾਰੀ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਟੂਰਨਾਮੈਂਟ ਚਲ ਰਿਹਾ ਹੈ। ਹਾਲਾਂਕਿ ਥਾਈਲੈਂਡ ’ਚ ਕੋਰੋਨਾ ਵਾਇਰਸ ਕਾਰਨ ਇਕ ਵਿਅਕਤੀ ਦੀ ਮੌਤ ਹੋਈ ਹੈ। ਜਨਵਰੀ ਤੋਂ ਹੁਣ ਤਕ ਕੁਲ 45 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ ’ਤੇ ਕੋਰੋਨਾ ਵਾਇਰਸ ਨਾਲ 66 ਦੇਸ਼ਾਂ ’ਚ 88000 ਤੋਂ ਵੱਧ ਲੋਕ ਇਸ ਨਾਲ ਪ੍ਰਭਾਵਿਤ ਹਨ ਅਤੇ 3,000 ਤੋਂ ਵੱਧ ਮੌਤਾਂ ਹੋ ਗਈਆਂ ਹਨ।


Tarsem Singh

Content Editor

Related News