ਮਸ਼ਹੂਰ ਕੁਮੈਂਟੇਟਰ ਤੇ ਫ਼ਿਲਮੀ ਕਲਾਕਾਰ ਡਾ. ਦਰਸ਼ਨ ਬੜੀ ਦਾ ਹੋਇਆ ਦਿਹਾਂਤ
Sunday, Feb 07, 2021 - 12:20 PM (IST)
ਲੁਧਿਆਣਾ - ਪੰਜਾਬੀ ਫ਼ਿਲਮਾਂ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਕਬੱਡੀ ਦੇ ਮਸ਼ਹੂਰ ਕੁਮੈਂਟੇਟਰ ਡਾ. ਦਰਸ਼ਨ ਬੜੀ ਦਾ ਕੱਲ੍ਹ ਸਵੇਰੇ 68 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੇ 6 ਫਰਵਰੀ ਦੀ ਸਵੇਰ 2.40 ਵਜੇ ਆਖਰੀ ਸਾਹ ਲਏ। ਉਹ ਕਰੀਬ ਇਕ ਮਹੀਨੇ ਤੋਂ ਬੀਮਾਰ ਸਨ। ਸ਼ੇਰਪੁਰ ਨੇੜਲੇ ਪਿੰਡ ਬੜੀ ਨਾਲ ਸਬੰਧਤ ਡਾ. ਦਰਸ਼ਨ ਬੜੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਪੀ.ਏ.ਯੂ. ਲੁਧਿਆਣਾ ਤੋਂ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਪੰਜਾਬੀ ਅਦਾਕਾਰ ਸਰਦਾਰ ਸੋਹੀ ਪੁੱਜੇ ਹੋਏ ਸਨ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਮੁੜ ਬਣੇ ਸਭ ਤੋਂ ਮਹਿੰਗੇ ਭਾਰਤੀ ਸੈਲੀਬ੍ਰਿਟੀ , ਚੋਟੀ ਦੇ 10 'ਚ ਇਨ੍ਹਾਂ ਹਸਤੀਆਂ ਦਾ ਰਿਹਾ ਦਬਦਬਾ
ਉਨ੍ਹਾਂ ਦੇ ਚਚੇਰੇ ਭਰਾ ਬਿੱਕਰ ਸਿੰਘ ਨੇ ਦੱਸਿਆ ਕਿ ਦਰਸ਼ਨ ਬੜੀ ਗਾਜ਼ੀਪੁਰ ਬਾਰਡਰ 'ਤੇ ਕਿਸਾਨੀ ਸੰਘਰਸ਼ 'ਚ ਹਾਜ਼ਰੀ ਲਗਵਾਉਣ ਤੋਂ ਬਾਅਦ ਉਹ ਕੁਝ ਦਿਨ ਆਪਣੇ ਪਿੰਡ ਰਹੇ ਅਤੇ ਫਿਰ ਲੁਧਿਆਣੇ ਚਲੇ ਗਏ। ਅਚਾਨਕ ਬਿਮਾਰ ਹੋਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮਰਹੂਮ ਬੜੀ ਦੇ ਨਜ਼ਦੀਕੀ ਸਾਥੀ ਡਾ. ਕਮਲਜੀਤ ਸਿੰਘ ਟਿੱਬਾ ਨੇ ਦੱਸਿਆ ਕਿ ਉਨ੍ਹਾਂ ਦੇਸ਼ ਭਰ ਖੇਡੇ ਨਾਟਕ ‘ਹਿੰਦ ਦੀ ਚਾਦਰ’ ਵਿਚ ਭੂਮਿਕਾ ਨਿਭਾਈ ਸੀ ਅਤੇ ਹੋਰ ਕਈ ਨਾਟਕਾਂ 'ਚ ਆਪਣੀ ਕਲਾ ਦਾ ਲੋਹਾ ਮਨਵਾਇਆ। ਡਾ. ਬੜੀ ਨੇ ਕਈ ਫ਼ਿਲਮਾਂ ਵਿਚ ਅਦਾਕਾਰ ਰਾਜ ਬੱਬਰ, ਗੁਰਦਾਸ ਮਾਨ, ਨਿਰਮਲ ਰਿਸ਼ੀ, ਗਿਰਜ਼ਾ ਸ਼ੰਕਰ, ਸਰਦਾਰ ਸੋਹੀ ਸਮੇਤ ਕਈ ਨਾਮੀ ਕਲਾਕਾਰਾਂ ਨਾਲ ਕੰਮ ਕੀਤਾ। ਉਨ੍ਹਾਂ ਫ਼ਿਲਮ 'ਮੇਲਾ', 'ਕਹਿਰ', 'ਕਬੱਡੀ' ਸਮੇਤ ਕਈ ਫ਼ਿਲਮਾਂ ਵਿਚ ਅਹਿਮ ਭੂਮਿਕਾ ਨਿਭਾ ਕੇ ਆਪਣੀ ਅਮਿੱਟ ਛਾਪ ਛੱਡੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।