ਉਰੂਗਵੇ ਨੂੰ ਪੈਨਲਟੀ ’ਚ ਹਰਾ ਕੇ ਕੋਲੰਬੀਆ ਕੋਪਾ ਦੇ ਸੈਮੀਫਾਈਨਲ ’ਚ
Monday, Jul 05, 2021 - 05:05 PM (IST)
ਜੇਨੇਰੀਓ (ਏ. ਪੀ.) – ਗੋਲਕੀਪਰ ਡੇਵਿਡ ਓਸਿਪਨਾ ਨੇ ਪੈਨਲਟੀ ਸ਼ੂਟਆਊਟ ਵਿਚ ਦੋ ਪੈਨਲਟੀਆਂ ਦਾ ਬਚਾਅ ਕੀਤਾ, ਜਿਸ ਨਾਲ ਕੋਲੰਬੀਆ ਨੇ ਉਰੂਗਵੇ ਨੂੰ 4-2 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਕੇ 2001 ਤੋਂ ਬਾਅਦ ਆਪਣਾ ਪਹਿਲਾ ਖਿਤਾਬ ਜਿੱਤਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ। ਕੋਈ ਵੀ ਟੀਮ ਮੈਚ ਦੇ ਨਿਰਧਾਰਿਤ ਸਮੇਂ ਤੇ ਵਾਧੂ ਸਮੇਂ ਵਿਚ ਗੋਲ ਨਹੀਂ ਕਰ ਸਕੀ, ਜਿਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ। ਓਸਿਪਨਾ ਦਾ ਇਹ 112ਵਾਂ ਮੈਚ ਸੀ ਤੇ ਉਹ ਸਾਬਕਾ ਕਪਤਾਨ ਕਾਰਲੋਸ ਵੇਲਡੇਰਮਾ ਨੂੰ ਪਿੱਛੇ ਛੱਡ ਕੇ ਕੋਲੰਬੀਆ ਵਲੋਂ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲਾ ਖਿਡਾਰੀ ਵੀ ਬਣਿਆ।
ਓਸਿਪਨਾ ਨੇ ਉਰੂਗਵੇ ਦੇ ਜੋਸ ਮਾਰੀਆ ਗਿਮਿਨੇਜ ਤੇ ਮੈਤਿਆਸ ਵੀਨਾ ਦੇ ਸ਼ਾਟ ਨੂੰ ਰੋਕਿਆ। ਕੋਲੰਬੀਆ ਵਲੋਂ ਸ਼ੂਟਆਊਟ ਵਿਚ ਡੁਵਾਨ ਜਪਾਟਾ, ਡੇਵਿਨਸਨ ਸਾਂਚੇਜ, ਯੇਰੇ ਮਿਨਾ ਤੇ ਲੂਈ ਸੁਆਰੇਜ ਹੀ ਗੋਲ ਕਰ ਸਕੇ। ਪਿਛਲੇ ਕੁਝ ਸਾਲਾਂ ਵਿਚ ਸ਼ੂਟਆਊਟ ਵਿਚ ਕਿਸਮਤ ਨੇ ਕੋਲੰਬੀਆ ਦਾ ਸਾਥ ਨਹੀਂ ਦਿੱਤਾ ਸੀ। ਉਹ ਕੋਪਾ ਅਮਰੀਕਾ ਵਿਚ 2015 ਵਿਚ ਅਰਜਨਟੀਨਾ ਤੇ 2019 ਵਿਚ ਚਿਲੀ ਤੋਂ ਸ਼ੂਟਆਊਟ ਵਿਚ ਹਾਰ ਗਿਆ ਸੀ ਜਦਕਿ ਵਿਸ਼ਵ ਕੱਪ 2018 ਵਿਚ ਵੀ ਇੰਗਲੈਂਡ ਨੇ ਉਸ ਨੂੰ ਆਖਰੀ-16 ਦੇ ਮੁਕਾਬਲੇ ਵਿਚ ਪੈਨਲਟੀ ਸ਼ੂਟਆਊਟ ਵਿਚ ਹੀ ਹਰਾਇਆ ਸੀ।